ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਸਾਬਕਾ ਕਾਂਗਰਸੀ ਮੰਤਰੀਆਂ ਖਿਲਾਫ ਸ਼ਿਕੰਜਾ ਕੱਸ ਰਹੀ ਹੈ। ਹੁਣ ਤਾਜ਼ਾ ਚਰਚਾ ਹੈ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਮਗਰੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਵਾਰੀ ਵੀ ਆ ਸਕਦੀ ਹੈ। ਬਠਿੰਡਾ ਸ਼ਹਿਰੀ ਦੇ ਸਾਬਕਾ ਅਕਾਲੀ ਵਿਧਾਇਕ ਤੇ ਭਾਜਪਾ ਆਗੂ ਸਰੂਪ ਚੰਦ ਸਿੰਗਲਾ ਨੇ ਐਸਐਸਪੀ ਵਿਜੀਲੈਂਸ ਨੂੰ ਮਨਪ੍ਰੀਤ ਬਾਦਲ ਤੇ ਉਸ ਦੇ ਸਾਥੀਆਂ ਵਿਰੁੱਧ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।



ਹਾਸਲ ਜਾਣਕਾਰੀ ਮੁਤਾਬਕ ਸਿੰਗਲਾ ਨੇ ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਹੈ ਕਿ ਸਾਲ 2017 ਤੋਂ 2022 ਤਕ ਅਨਾਜ ਦੀ ਢੋਆ-ਢੁਆਈ ਲਈ ਸਾਬਕਾ ਵਿੱਤ ਮੰਤਰੀ ਵੱਲੋਂ ਜੇਬੀ ਕੰਟਰੈਕਟਰ ਨਾਂ ਫਰਮ ਲਈ ਟੈਂਡਰ ਲਏ ਗਏ ਸਨ। ਉਨ੍ਹਾਂ ਦੋਸ਼ ਲਾਇਆ ਹੈ ਕਿ ਸਾਬਕਾ ਵਿੱਤ ਮੰਤਰੀ ਨੇ ਕਣਕ-ਝੋਨੇ ਦੀ ਢੋਆ-ਢੁਆਈ ਲਈ ਆਪਣੇ ਡਰਾਈਵਰ ਤੇ ਗੰਨਮੈਨ ਦੇ ਨਾਂ ’ਤੇ ਫਰਜ਼ੀ ਕੰਪਨੀਆਂ ਬਣਾ ਕੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਹੈ।


 ਇਹ ਵੀ ਪੜ੍ਹੋ : Gangwar in Punjab : ਪੰਜਾਬ 'ਚ ਗੈਂਗਵਾਰ ਦਾ ਖਤਰਾ, ਕੇਂਦਰ ਸਰਕਾਰ ਦੇ ਅਲਰਟ ਮਗਰੋਂ ਪੰਜਾਬ ਪੁਲਿਸ ਚੌਕਸ

ਦੱਸ ਦਈਏ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪਿਛਲੀ ਕਾਂਗਰਸ ਸਰਕਾਰ ਦੌਰਾਨ ਹੋਏ ਘੁਟਾਲਿਆਂ ਦੇ ਲਗਾਤਾਰ ਖੁਲਾਸੇ ਹੋ ਰਹੇ ਹਨ। ਹੁਣ ਤੱਕ ਕਈ ਮੰਤਰੀਆਂ ਖਿਲਾਫ ਕਾਰਵਾਈ ਚੱਲ ਰਹੀ ਹੈ। ਭ੍ਰਿਸ਼ਟਾਚਾਰ ਮਾਮਲੇ ਵਿੱਚ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਸੰਗਤ ਸਿੰਘ ਗਿਲਜੀਆਂ ਵੀ ਜ਼ਮਾਨਤ 'ਤੇ ਬਾਹਰ ਹਨ। ਇੱਥੋਂ ਤੱਕ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵੀ ਘੁਟਾਲਿਆਂ ਨਾਲ ਜੁੜ ਰਿਹਾ ਹੈ। ਬੀਤੇ ਦਿਨ ਵਿਜੀਲੈਂਸ ਵੱਲੋਂ ਸਾਬਕਾ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।

ਉੱਥੇ ਹੀ ਹੁਣ ਸਾਬਕਾ ਸੀਐਮ ਚੰਨੀ ਸਮੇਤ ਪੰਜ ਹੋਰ ਸਾਬਕਾ ਕਾਂਗਰਸੀ ਮੰਤਰੀ ਪੰਜਾਬ ਸਰਕਾਰ ਦੀ ਰਾਡਾਰ 'ਤੇ ਨਜ਼ਰ ਆ ਰਹੇ ਹਨ। ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ, ਮਨਪ੍ਰੀਤ ਬਾਦਲ ਤੇ ਓਪੀ ਸੋਨੀ 'ਤੇ ਹੁਣ ਸਰਕਾਰ ਦੀ ਨਜ਼ਰਾਂ ਟਿਕੀਆਂ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਗ੍ਰਾਂਟ ਵੰਡ ਦੇ ਮਾਮਲੇ 'ਚ ਕਾਰਵਾਈ ਦੀ ਰਡਾਰ 'ਤੇ ਹਨ।