Gangwar in Punjab: ਪੰਜਾਬ ਵਿੱਚ ਗੈਂਗਵਾਰ ਤੇਜ਼ ਹੋ ਸਕਦੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਪੰਜਾਬ ਪੁਲਿਸ ਨੂੰ ਚਿੱਠੀ ਲਿਖ ਕੇ ਇਸ ਲਈ ਚੌਕਸ ਕੀਤਾ ਹੈ। ਇਸ ਮਗਰੋਂ ਪੰਜਾਬ ਪੁਲਿਸ ਲਈ ਗੈਂਗਵਾਰ ਰੋਕਣਾ ਵੱਡੀ ਚੁਣੌਤੀ ਬਣ ਗਿਆ ਹੈ। ਇਸ ਵੇਲੇ ਬੰਬੀਹਾ ਗੈਂਗ ਤੇ ਲੌਰੈਂਸ ਬਿਸ਼ਨੋਈ ਗੈਂਗ ਦੀ ਦੁਸ਼ਮਣੀ ਸਭ ਤੋਂ ਵੱਡੀ ਸਿਰਦਰਦੀ ਹੈ। ਬੰਬੀਹਾ ਗੈਂਗ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦਾ ਐਲਾਨ ਕੀਤਾ ਹੈ।



ਉਧਰ, ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਪੁਲਿਸ ਮੁਖੀ ਨੂੰ ਚਿੱਠੀ ਲਿਖੀ ਹੈ ਕਿ ਗੈਂਗਸਟਰ ਲੌਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆਂ ਤੇ ਪੇਸ਼ੀ ਦੌਰਾਨ ਹਮਲਾ ਹੋ ਸਕਦਾ ਹੈ। ਮੰਤਰਾਲੇ ਵੱਲੋਂ ਲਿਖੀ ਇਸ ਚਿੱਠੀ 'ਚ ਕਿਹਾ ਗਿਆ ਹੈ ਕਿ ਸਿਰਾਜ ਸਿੰਘ ਸੰਧੂ 'ਤੇ ਹਮਲਾ ਕਰਨ ਤੋਂ ਬਾਅਦ ਹੁਣ ਬੰਬੀਹਾ ਗੈਂਗ ਦੀਆਂ ਨਿਗਾਹਾਂ ਇਨ੍ਹਾਂ ਦੋਹਾਂ ਗੈਂਗਸਟਰਾਂ 'ਤੇ ਟਿਕੀਆਂ ਹਨ ਜੋ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਗਿੱਲ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਫਿਰਾਕ ‘ਚ ਹੈ।

ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਦਵਿੰਦਰ ਬੰਬੀਹਾ ਗੈਂਗ ਨੇ ਮੁੜ ਲਾਰੈਂਸ ਬਿਸ਼ਨੋਈ ਗੈਂਗ ਨੂੰ ਧਮਕੀ ਦਿੱਤੀ ਹੈ। ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ’ਤੇ ਪੋਸਟ ਅਪਲੋਡ ਕਰ ਕੇ ਕਿਹਾ ਕਿ ਉਹ ਗੋਲਡੀ ਬਰਾੜ ਅਤੇ ਗਾਇਕ ਮਨਕੀਰਤ ਔਲਖ ਤੋਂ ਬਦਲਾ ਲੈਣਗੇ। ਬੰਬੀਹਾ ਗੈਂਗ ਨੇ ਇਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਵੀ ਮਾਰਨ ਦੀ ਧਮਕੀ ਦਿੱਤੀ।

ਇਸ ਤੋਂ ਪਹਿਲਾਂ ਵੀ ਬੰਬੀਹਾ ਗੈਂਗ ਨੇ ਪਹਿਲਾਂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਧਮਕੀ ਦਿੱਤੀ ਸੀ। ਬੰਬੀਹਾ ਗੈਂਗ ਦਾ ਕਹਿਣਾ ਹੈ ਕਿ ਉਹ ਸਿੱਧੂ ਮੂਸੇਵਾਲਾ ਦੇ ਪਿਤਾ ਦੀਆਂ ਗੱਲਾਂ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨਸ਼ੇ ਵੇਚਣ ਤੇ ਪੈਸਿਆਂ ਲਈ ਕੈਦੀਆਂ ਨੂੰ ਮਾਰਦੇ ਹਨ।

ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਵੇਲੇ ਪੰਜਾਬੀ ਗਾਇਕ ਦਾ ਨਾਂ ਸਾਹਮਣੇ ਆਇਆ ਸੀ ਪਰ ਇਸ ਨਾਂ ਨੂੰ ਗੁਪਤ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਜੋ ਵੀ ਜੱਗੂ ਭਗਵਾਨਪੁਰੀਆ, ਲਾਰੈਂਸ ਅਤੇ ਗੋਲਡੀ ਬਰਾੜ ਦੀ ਸਹਾਇਤਾ ਕਰੇਗਾ, ਉਸ ਨੂੰ ਜ਼ਰੂਰ ਮਾਰਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਮਨਕੀਰਤ ਔਲਖ ਵੀ ਦੋਸ਼ੀ ਹੈ ਤੇ ਉਹ ਸੂਚੀ ਵਿੱਚ ਸਿਖਰ ’ਤੇ ਹੈ। ਇਸ ਸਬੰਧੀ ਐਸਐਸਪੀ ਗੌਰਵ ਤੂਰਾ ਨੇ ਕਿਹਾ ਕਿ ਰਾਜ ਵਿੱਚ ਕਿਸੇ ਨੂੰ ਮਾਹੌਲ ਖ਼ਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਤੇ ਅਜਿਹੀਆਂ ਪੋਸਟਾਂ ਪਾਉਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।