ਮਾਨਸਾ: ਇੱਥੇ ਇੱਜ਼ਤ ਦੀ ਖਾਤਰ ਇੱਕ ਨੌਜਵਾਨ ਨੂੰ ਹੱਥ-ਪੈਰ ਬੰਨ੍ਹ ਕੇ ਉਸ 'ਤੇ ਪੈਟਰੋਲ ਛਿੜਕ ਕੇ ਮਾਰ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 16 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਦੇ ਵੱਡੇ ਭਰਾ ਦੇ ਪ੍ਰੇਮ ਵਿਆਹ ਕਰਕੇ ਮੁਹੱਲੇ ਦੇ ਹੀ ਕੁਝ ਲੜਕਿਆਂ ਨੇ ਉਸ ਦਾ ਬੇਹਰਿਮੀ ਨਾਲ ਕਤਲ ਕਰ ਦਿੱਤਾ ਗਿਆ।


ਦਰਅਸਲ ਜਸਪ੍ਰੀਤ ਸਿੰਘ ਦੇ ਵੱਡੇ ਭਰਾ ਦਾ ਕਰੀਬ ਦੋ ਸਾਲ ਪਹਿਲਾਂ ਮੁਹੱਲੇ ਵਿੱਚ ਹੀ ਪ੍ਰੇਮ ਵਿਆਹ ਹੋਇਆ ਸੀ। ਉਦੋਂ ਤੋਂ ਉਹ ਸ਼ਹਿਰ ਤੋਂ ਫਰਾਰ ਹੈ। ਜਦੋਂ ਜਸਪ੍ਰੀਤ ਨੂੰ ਆਪਣੇ ਭਰਾ ਦੇ ਘਰ ਮੁੰਡਾ ਹੋਣ ਦੀ ਖ਼ਬਰ ਮਿਲੀ ਤਾਂ ਉਸ ਨੇ ਮੁਹੱਲੇ ਵਿੱਚ ਇਸ ਦੀ ਜਾਣਕਾਰੀ ਦਿੱਤੀ। ਇਸ 'ਤੇ ਕੁਝ ਨੌਜਵਾਨਾਂ ਨੇ ਉਸ ਨੂੰ ਘਰੋਂ ਲਿਜਾ ਕੇ ਉਸ ਦੇ ਘਰ ਨੇੜੇ ਹੀ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ ਤੇ ਪੈਟਰੋਲ ਪਾ ਕੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ।


ਮ੍ਰਿਤਕ ਜਸਪ੍ਰੀਤ ਦੇ ਪਿਤਾ ਸੂਰਜ ਸਿੰਘ ਨੇ ਦੱਸਿਆ ਕਿ ਉਸ ਦੇ ਵੱਡੇ ਪੁੱਤਰ ਦਾ ਪ੍ਰੇਮ ਵਿਆਹ ਮੁਹੱਲੇ ਦੀ ਹੀ ਲੜਕੀ ਨਾਲ ਹੋਇਆ ਸੀ। ਉਦੋਂ ਤੋਂ ਹੀ ਉਹ ਉੱਥੋਂ ਦੂਰ ਜਾ ਕੇ ਰਹਿ ਰਹੇ ਹਨ। ਹੁਣ ਜਦੋਂ ਉਨ੍ਹਾਂ ਦੇ ਘਰ ਮੁੰਡਾ ਹੋਣ ਦਾ ਖ਼ਬਰ ਆਈ ਤਾਂ ਜਸਪ੍ਰੀਤ ਇਸ ਦੀ ਖ਼ੁਸ਼ੀ ਮਨਾ ਰਿਹਾ ਸੀ। ਉਹ ਆਪਣੇ ਭਰਾ ਤੇ ਭਤੀਜੇ ਨੂੰ ਵਾਪਸ ਘਰ ਲਿਆਉਣ ਦੀ ਗੱਲ ਕਰ ਰਿਹਾ ਸੀ ਪਰ ਲੜਕੀ ਪੱਖ ਦੇ ਕੁਝ ਮੁੰਡਿਆਂ ਨੇ ਜਸਪ੍ਰੀਤ ਨੂੰ ਬੰਨ੍ਹ ਦਿੱਤਾ ਤੇ ਪੈਟਰੋਲ ਪਾ ਕੇ ਉਸ ਨੂੰ ਅੱਗ ਲਾ ਦਿੱਤੀ।


ਪੁਲਿਸ ਨੇ ਦੋ ਜਣਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਦੋ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਪਰ ਪੁਲਿਸ ਅੱਗੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੀ ਹੈ। ਪੁਲਿਸ ਨੇ ਕਿਹਾ ਹੈ ਕਿ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ।