ਚੰਡੀਗੜ੍ਹ: ਦਲਬੀਰ ਢਿੱਲਵਾਂ ਕਤਲ ਕੇਸ ਵਿੱਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਘੇਰਨ ਲਈ ਅਕਾਲੀ ਦਲ ਨੇ ਕਮਰਕੱਸ ਲਈ ਹੈ। ਸਾਬਕਾ ਮੰਤਰੀ ਬਿਕਰਮ ਮਜੀਠੀਆ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਰੰਧਾਵਾ 'ਤੇ ਚੜ੍ਹਾਈ ਕਰ ਦਿੱਤੀ ਹੈ। ਅਕਾਲੀ ਲੀਡਰ ਦਲਬੀਰ ਢਿੱਲਵਾਂ ਦੇ ਕਤਲ ਨੂੰ ਸਿਆਸੀ ਰੰਜਿਸ਼ ਕਰਾਰ ਦੇ ਕੇ ਸ਼੍ਰੋਮਣੀ ਅਕਾਲੀ ਦਲ ਮੈਦਾਨ ਵਿੱਚ ਨਿੱਤਰ ਆਇਆ ਹੈ।


ਸੁਖਬੀਰ ਬਾਦਲ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚ ਕਰਕੇ ਦਲਬੀਰ ਕਤਲ ਕੇਸ ਨੂੰ ‘ਸਿਆਸੀ ਕਤਲ’ ਕਰਾਰ ਦਿੱਤਾ ਹੈ। ਉਨ੍ਹਾਂ ਨੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਖ਼ਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਐਚਐਲ ਦੱਤੂ ਨੂੰ ਲਿਖੀ ਚਿੱਠੀ ਵਿੱਚ ਅਕਾਲੀ ਦਲ ਪ੍ਰਧਾਨ ਨੇ ਅਪੀਲ ਕੀਤੀ ਕਿ ਕਮਿਸ਼ਨ ਬਟਾਲਾ ਦੇ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਨੂੰ ਤੁਰੰਤ ਹੁਕਮ ਦੇ ਕੇ ਪੀੜਤ ਪਰਿਵਾਰ ਦੇ ਬਿਆਨ ਕਲਮਬੰਦ ਕਰਵਾਉਣ ਤੇ ਇਨ੍ਹਾਂ ਬਿਆਨਾਂ ਨੂੰ ਐਫਆਈਆਰ ਵਿਚ ਤਬਦੀਲ ਕਰਨ ਦਾ ਨਿਰਦੇਸ਼ ਦੇਣ।

ਉਨ੍ਹਾਂ ਕਿਹਾ ਕਿ 18 ਨਵੰਬਰ ਨੂੰ ਹਮਲਾਵਰਾਂ ਨੇ ਦਲਬੀਰ ਨੂੰ 15 ਗੋਲੀਆਂ ਮਾਰੀਆਂ ਤੇ ਉਸ ਦੀਆਂ ਦੋਵੇਂ ਲੱਤਾਂ ਵੀ ਵੱਢ ਦਿੱਤੀਆਂ ਸਨ। ਇਸ ਦੇ ਬਾਵਜੂਦ ਅਜੇ ਤਕ ਨਾ ਤਾਂ ਕੋਈ ਹਮਲਾਵਰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਨਾ ਹੀ ਪੀੜਤ ਪਰਿਵਾਰ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ। ਸੁਖਬੀਰ ਨੇ ਕਿਹਾ ਕਿ ਇਸ ਕਾਂਡ ਨੂੰ ਵਾਪਰਿਆਂ ਚਾਰ ਦਿਨ ਤੋਂ ਵੱਧ ਹੋ ਚੁੱਕੇ ਹਨ ਤੇ ਪੀੜਤ ਪਰਿਵਾਰ ਅਜੇ ਤਕ ਆਪਣਾ ਬਿਆਨ ਦਰਜ ਕਰਵਾਉਣ ਵਾਸਤੇ ਖੱਜਲ ਖੁਆਰ ਹੋ ਰਿਹਾ ਹੈ। ਬਟਾਲਾ ਪੁਲਿਸ ਇਸ ਲਈ ਕਾਰਵਾਈ ਨਹੀਂ ਕਰ ਰਹੀ, ਕਿਉਂਕਿ ਦਲਬੀਰ ਢਿੱਲਵਾਂ ਦੇ ਪੁੱਤਰ ਸੰਦੀਪ ਸਿੰਘ ਨੇ ਸੂਬੇ ਦੇ ਡੀਜੀਪੀ ਨੂੰ ਲਿਖੀ ਚਿੱਠੀ ਵਿੱਚ ਇਹ ਦੋਸ਼ ਲਾਇਆ ਹੈ ਕਿ ਉਸ ਦੇ ਪਿਤਾ ਦਾ ਕਤਲ ਇਲਾਕੇ ਦੇ ਵਿਧਾਇਕ ਤੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੀ ਸਰਪ੍ਰਸਤੀ ਮਾਣ ਰਹੇ ਕਾਂਗਰਸੀਆਂ ਨੇ ਕੀਤਾ ਹੈ।

ਉਨ੍ਹਾਂ ਦੋਸ਼ ਲਾਇਆ ਕਿ ਬਟਾਲਾ ਦਾ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਕਾਂਗਰਸੀ ਬੁਲਾਰੇ ਵਾਂਗ ਕੰਮ ਕਰ ਰਿਹਾ ਹੈ। ਪਰਿਵਾਰ ਦੇ ਦੱਸਿਆ ਹੈ ਕਿ ਦਲਬੀਰ ਦੇ ਕਤਲ ਤੋਂ 15 ਮਿੰਟ ਬਾਅਦ ਹੀ ਐਸਐਸਪੀ ਨੇ ਇਹ ਬਿਆਨ ਜਾਰੀ ਕਰ ਦਿੱਤਾ ਸੀ ਕਿ ਦਲਬੀਰ ਦਾ ਕਤਲ ਸਿਆਸੀ ਕਤਲ ਨਹੀਂ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੀੜਤ ਧਿਰ ਮੁਤਾਬਕ ਇਸ ਕਤਲ ਵਿੱਚ ਇਲਾਕੇ ਦੇ ਨਾਮੀ ਬਦਮਾਸ਼ ਜੱਗੂ ਭਗਵਾਨਪੁਰੀਆ ਦਾ ਵੀ ਹੱਥ ਹੈ। ਪੀੜਤ ਪਰਿਵਾਰ ਨੇ ਇਹ ਵੀ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਬਿਆਨਾਂ ਮੁਤਾਬਕ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੀ ਨਿਗਰਾਨੀ ਹੇਠ ਜੱਗੂ ਨੂੰ ਜੇਲ੍ਹ ਵਿੱਚ ਬੈਠ ਕੇ ਆਪਣਾ ਜੁਰਮ ਦਾ ਧੰਦਾ ਚਲਾਉਣ ਦੀ ਖੁੱਲ੍ਹ ਦਿੱਤੀ ਹੋਈ ਹੈ।