ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi singer Sidhu Moosewala) ਦਾ ਭੋਗ ਤੇ ਅੰਤਿਮ ਅਰਦਾਸ 8 ਜੂਨ ਨੂੰ ਹੋਵੇਗੀ। ਇਸ ਦਿਨ ਦੇ ਸਬੰਧ ਵਿੱਚ ਪਰਿਵਾਰ ਤੇ ਦੋਸਤਾਂ ਵੱਲੋਂ ਨੌਜਵਾਨਾਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ। ਪਰਿਵਾਰ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ 8 ਤਰੀਕ ਨੂੰ ਨੌਜਵਾਨ ਪੱਗ ਬੰਨ੍ਹ ਕੇ ਭੋਗ ਵਿੱਚ ਸ਼ਾਮਲ ਹੋਣ।
ਉਧਰ, ਮਾਨਸਾ ਬਾਰ ਐਸੋਸੀਏਸ਼ਨ ਨੇ ਵੀ ਸਿੱਧੂ ਮੂਸੇਵਾਲਾ ਦੇ ਭੋਗ਼ ਨੂੰ ਲੈ ਕੇ ਵੱਡਾ ਫ਼ੈਸਲਾ ਕੀਤਾ ਹੈ। ਮਾਨਸਾ ਬਾਰ ਐਸੋਸੀਏਸ਼ਨ ਨੇ ਕੱਲ੍ਹ ਅਦਾਲਤੀ ਕੰਮਕਾਜ ਬੰਦ ਕਰਕੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਭੋਗ 'ਤੇ ਪਹੁੰਚਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਬਾਰ ਐਸੋਸੀਏਸ਼ਨ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀ ਪੈਰਵਾਈ ਨਾ ਕਰਨ ਦਾ ਫ਼ੈਸਲਾ ਕੀਤਾ ਹੈ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਿੱਧੂ ਆਪਣੀ ਥਾਰ ਕਾਰ ‘ਚ ਪਿੰਡ ਤੋਂ ਬਾਹਰ ਜਾ ਰਹੇ ਸਨ ਕਿ ਰਸਤੇ ‘ਚ 3 ਵਾਹਨਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਲਾਰੈਂਸ ਬਿਸ਼ਨੋਈ ਗੈਂਗ ਨੇ ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਮਾਮਲੇ ਨੂੰ ਸੁਲਝਾਉਣ ਲਈ ਪੁਲਿਸ ਵੱਲੋਂ ਵੱਡੇ ਪੱਧਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਮੀਦ ਹੈ ਕਿ ਜਲਦ ਹੀ ਸਿੱਧੂ ਮੂਸੇ ਵਾਲਾ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਦੱਸ ਦਈਏ ਕਿ ਜਿਸ ਖੇਤ ਵਿੱਚ ਮੂਸੇਵਾਲਾ ਦਾ ਅੰਤਿਮ ਸਸਕਾਰ ਕੀਤਾ ਗਿਆ, ਉੱਥੇ ਉਨ੍ਹਾਂ ਦਾ ਸਮਾਰਕ ਯਾਨੀ ਯਾਦਗਾਰ ਬਣਾਈ ਜਾਵੇਗੀ। ਆਖ਼ਰੀ ਸਮੇਂ `ਚ ਮੂਸੇਵਾਲਾ ਦੀ ਮਾਂ ਨੇ ਉਨ੍ਹਾਂ ਦਾ ਜੂੜਾ ਬਣਾਇਆ, ਜਦਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਦਸਤਾਰ ਪਹਿਨਾਈ। ਮੂਸੇਵਾਲਾ ਅੱਜ ਭਲੇ ਹੀ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੇ ਗੀਤ ਸਾਡੇ ਵਿਚਕਾਰ ਹਮੇਸ਼ਾ ਉਨ੍ਹਾਂ ਦੀਆਂ ਯਾਦਾਂ ਤੇ ਆਵਾਜ਼ ਨੂੰ ਤਾਜ਼ਾ ਰੱਖਣਗੇ। ਉਨ੍ਹਾਂ ਦੇ ਫੈਨਜ਼ ਨਾ ਸਿਰਫ ਨੌਜਵਾਨ ਬਲਕਿ ਬੱਚਾ-ਬੱਚਾ ਤੱਕ ਉਨ੍ਹਾਂ ਦੇ ਗੀਤ ਸੁਣਨਾ ਪਸੰਦ ਕਰਦੇ ਹਨ।