ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਨੇਤਾ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਲੀਵਰ ਦੀ ਇਨਫੈਕਸ਼ਨ ਤੋਂ ਬਾਅਦ ਸਿੱਧੂ ਨੂੰ ਹੈਪਟੋਲੋਜੀ ਵਾਰਡ 'ਚ ਭਰਤੀ ਕਰਵਾਇਆ ਗਿਆ ਹੈ। ਸਿੱਧੂ ਦੀ ਸਿਹਤ ਬਾਰੇ HOD ਵਰਿੰਦਰ ਸਿੰਘ ਨੇ ਦੱਸਿਆ ਕਿ ਸਿੱਧੂ ਨੂੰ ਮਲਟੀਪਲ ਸਮੱਸਿਆਵਾਂ ਹਨ। ਫਿਲਹਾਲ DVT ਦੀ ਮੁਸ਼ਕਿਲ ਹੈ। 


 

ਉਨ੍ਹਾਂ ਦੱਸਿਆ DVT ਮਤਲਬ Deep vean thrombosis, ਜਿਸ ਵਿੱਚ ਖੂਨ ਗਾੜ੍ਹਾ ਹੋ ਕੇ ਕਲਾਟ ਬਣ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 2009 ਵਿੱਚ ਸਿੱਧੂ ਨੂੰ pulmonary embolism ਸੀ, ਜਿਸ ਲਈ ਇਨ੍ਹਾਂ ਨੂੰ ਬਲੱਡ ਥਿਨਰ ਕੀਤਾ ਗਿਆ ਪਰ ਸਿਧੂ ਨੇ ਕੁੱਝ ਸਮੇਂ ਪਿੱਛੋਂ ਬਲੱਡ ਥਿਨਰ ਲੈਣਾ ਬੰਦ ਕਰ ਦਿੱਤਾ ਸੀ , ਜਿਸ ਕਾਰਨ ਇਹ ਸਮੱਸਿਆ ਵਧੀ ਹੈ। 

 

ਸਿੱਧੂ ਨੇ ਖੁਦ ਦੱਸਿਆ ਹੈ ਕਿ ਉਨ੍ਹਾਂ ਨੂੰ ਜੇਲ੍ਹ 'ਚ ਲਿਵਰ ਦੀ ਸਮੱਸਿਆ ਹੈ। ਇਸ ਦੇ ਨਾਲ ਹੀ ਖੂਨ ਦੇ ਜੰਮਣ ਯਾਨੀ ਖੂਨ ਗਾੜਾ ਹੋਣ ਦੀ ਸਮੱਸਿਆ ਵੀ ਦੱਸੀ ਸੀ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਕਣਕ ਤੋਂ ਵੀ ਐਲਰਜੀ ਹੈ, ਇਸ ਲਈ ਉਨ੍ਹਾਂ ਨੇ ਜੇਲ੍ਹ ਦੀ ਦਾਲ-ਰੋਟੀ ਨਹੀਂ ਖਾਧੀ। ਇਸ ਦੀ ਬਜਾਏ ਉਹ ਸਿਰਫ਼ ਫਲ ਤੇ ਸਲਾਦ ਹੀ ਖਾ ਰਹੇ ਸੀ। ਇਸ ਲਈ ਸਿੱਧੂ ਨੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਬਾਅਦ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਦੇ ਬੋਰਡ ਨੇ ਸਿੱਧੂ ਦਾ ਡਾਈਟ ਪਲਾਨ ਤਿਆਰ ਕੀਤਾ ਸੀ।

 

ਦੱਸ ਦੇਈਏ ਕਿ ਨਵਜੋਤ ਸਿੱਧੂ ਇਸ ਸਮੇਂ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਇੱਕ ਸਾਲ ਦੀ ਸਜ਼ਾ ਕੱਟ ਰਿਹਾ ਹੈ। 34 ਸਾਲ ਪੁਰਾਣੇ ਰੋਡ ਰੇਜ ਮਾਮਲੇ 'ਚ ਸਿੱਧੂ ਨੂੰ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਉਸ ਨੂੰ ਕੱਲ੍ਹ ਸਖ਼ਤ ਸੁਰੱਖਿਆ ਹੇਠ ਪਟਿਆਲਾ ਜੇਲ੍ਹ ਤੋਂ ਪੀਜੀਆਈ ਲਿਆਂਦਾ ਗਿਆ ਸੀ। ਡਾਕਟਰਾਂ ਦੀ ਟੀਮ ਲਗਾਤਾਰ ਉਸ ਦੀ ਦੇਖਭਾਲ ਕਰ ਰਹੀ ਹੈ।

 
ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਨੇ ਸਖ਼ਤ ਸਜ਼ਾ ਸੁਣਾਈ ਹੈ। ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੂੰ ਜੇਲ੍ਹ ਦੀ ਫੈਕਟਰੀ ਜਾਂ ਬੇਕਰੀ ਵਿੱਚ ਕੰਮ ਨਹੀਂ ਕੀਤਾ ਜਾ ਰਿਹਾ। ਸਿੱਧੂ ਨੂੰ ਜੇਲ੍ਹ ਦਫ਼ਤਰ ਦਾ ਕੰਮ ਸੌਂਪਿਆ ਗਿਆ ਹੈ। ਉਹ ਬੈਰਕਾਂ ਵਿੱਚ ਰਹਿ ਕੇ ਫਾਈਲਾਂ ਦੇਖੇਗਾ। ਸਿੱਧੂ ਨੂੰ ਫਿਲਹਾਲ ਕੰਮ ਲਈ ਕੋਈ ਤਨਖਾਹ ਨਹੀਂ ਮਿਲੇਗੀ। ਇਸ ਸਮੇਂ ਉਹ ਇੱਕ ਅਕੁਸ਼ਲ ਕਰਮਚਾਰੀ ਹੈ। 3 ਮਹੀਨਿਆਂ ਬਾਅਦ ਅਰਧ ਕੁਸ਼ਲ ਹੋਣ 'ਤੇ ਉਨ੍ਹਾਂ ਨੂੰ 30 ਰੁਪਏ ਪ੍ਰਤੀ ਦਿਨ ਤੇ ਫਿਰ ਕੁਸ਼ਲ ਹੋਣ 'ਤੇ 90 ਰੁਪਏ ਪ੍ਰਤੀ ਦਿਨ ਦਿੱਤੇ ਜਾਣਗੇ।