ਮਨਸਾ: ਮਾਨਸਾ ਦੇ ਪਿੰਡ ਮੂਸਾ ਵਿੱਚ ਡਾਕ ਰਾਹੀਂ ਆਏ ਪ੍ਰਸ਼ਾਦ ਵਿੱਚ ਜ਼ਹਿਰੀਲਾ ਪਦਾਰਥ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। 21 ਘਰਾਂ ਵਿੱਚ ਡਾਕ ਜ਼ਰੀਏ ਪਰਸ਼ਾਦ ਪਹੁੰਚਿਆ। ਕੁਝ ਲੋਕਾਂ ਨੇ ਜਦੋਂ ਇਹ ਪਰਸ਼ਾਦ ਛਕਿਆ ਤਾਂ ਉਨ੍ਹਾਂ ਦੀ ਸਿਹਤ ਵਿਗੜ ਗਈ। ਲੋਕਾਂ ਨੇ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਿਸ ਨੇ ਪਰਸ਼ਾਦ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਲੈਬੋਰੇਟਰੀ ਭੇਜ ਦਿੱਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਿੰਡ ਮੂਸਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪਿੰਡ ਹੈ। ਇਹ ਪਿੰਡ ਅਕਸਰ ਕਿਸੇ ਨਾ ਕਿਸੇ ਵਿਵਾਦ ਵਿੱਚ ਰਹਿੰਦਾ ਹੈ। ਪਿੰਡ ਦੇ 21 ਜਣਿਆਂ ਨੂੰ ਡਾਕ ਰਾਹੀਂ ਪਰਸ਼ਾਦ ਭੇਜਿਆ ਗਿਆ ਤੇ ਨਾਲ ਹੀ ਲਿਖਿਆ ਗਿਆ ਕਿ ਇਸ ਪਰਸ਼ਾਦ ਨੂੰ ਸ਼ਾਮ 7 ਵਜੇ ਖਾਧਾ ਜਾਏ। ਕੁਝ ਲੋਕਾਂ ਨੇ ਜਿਵੇਂ ਹੀ ਇਸ ਪਰਸ਼ਾਦ ਨੂੰ ਖਾਧਾ, ਉਨ੍ਹਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਇਸ ਪਿੱਛੋਂ ਪਿੰਡ ਵਾਲਿਆਂ ਅਨਾਊਂਸਮੈਂਟ ਕਰਵਾ ਕੇ ਸਾਰੇ ਪਰਸ਼ਾਦ ਦੇ ਪੈਕਿਟ ਪਿੰਡ ਦੇ ਸਰਪੰਚ ਕੋਲ ਭਿਜਵਾਏ।
ਪੁਲਿਸ ਨੂੰ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਡਾਕ ਜ਼ਰੀਏ ਇਹ ਪਰਸ਼ਾਦ ਭੇਜਿਆ ਗਿਆ ਹੈ ਜਿਸ ਵਿੱਚ ਕਿਸੇ ਜ਼ਹਿਰੀਲੀ ਸ਼ੈਅ ਮਿਲੇ ਹੋਣ ਦਾ ਸ਼ੱਕ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਪਿੰਡ ਵਾਲੇ ਦੀ ਹੀ ਸ਼ਰਾਰਤ ਹੋ ਸਕਦੀ ਹੈ ਕਿਉਂਕਿ ਲਿਫਾਫੇ 'ਤੇ ਜੋ ਪਤਾ ਲਿਖਿਆ ਗਿਆ ਹੈ ਉਹ ਪਿੰਡ ਦੇ ਹੀ ਕਿਸੇ ਜਾਣੇ-ਪਛਾਣੇ ਵਿਅਕਤੀ ਦਾ ਕੰਮ ਹੋ ਸਕਦਾ ਹੈ। ਪਿੰਡ ਵਾਸੀਆਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਨਾ ਤੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਏ।
ਦੂਜੇ ਪਾਸੇ ਡਾਕ ਮੁਲਾਜ਼ਮ ਨੇ ਦੱਸਿਆ ਕਿ ਉਸ ਨੇ ਵੀ ਇਹ ਪਰਸ਼ਾਦ ਖਾਧਾ ਸੀ ਤੇ ਉਸ ਦੀ ਵੀ ਸਿਹਤ ਢਿੱਲੀ ਹੋ ਗਈ ਸੀ। ਇਸ ਲਈ ਉਸ ਨੇ ਸਾਰਿਆਂ ਨੂੰ ਪਰਸ਼ਾਦ ਨਾ ਖਾਣ ਦੀ ਸਲਾਹ ਦਿੱਤੀ ਸੀ। ਇਸ ਸਬੰਧੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।