Mansa News : ਸੁਰਿੰਦਰਪਾਲ ਸਿੰਘ ਪਰਮਾਰ, ਆਈ.ਪੀ.ਐਸ. ਵਧੀਕ ਡਾਇਰੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ, ਬਠਿੰਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਨਸ਼ਿਆਂ ਪ੍ਰਤੀ ਜ਼ੀਰੋ ਸਹਿਨਸ਼ੀਲਤਾ ਦੀ ਨੀਤੀ ਅਪਣਾਈ ਗਈ ਹੈ। ਜਿਸ ਦੇ ਮੱਦੇਨਜ਼ਰ ਗੌਰਵ ਯਾਦਵ, ਆਈ.ਪੀ.ਐਸ.  ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ ਵੱਡਾ ਐਕਸ਼ਨ ਲੈਂਦਿਆਂ ਸਪੈਸ਼ਲ ਕਾਰਡਨ ਐਂਡ ਸਰਚ ਅਪਰੇਸ਼ਨ ਕਰਨ ਦੇ ਆਦੇਸ਼ ਦਿੱਤੇ ਗਏ ਹਨ। 


 

ਜਿਸ ਤਹਿਤ ਜ਼ਿਲ੍ਹੇ ਅੰਦਰ ਸੰਜੀਵ ਕੁਮਾਰ, ਆਈ.ਪੀ.ਐਸ ,ਡੀ.ਆਈ.ਜੀ. ਐੱਸ.ਟੀ.ਐੱਫ ਮੋਹਾਲੀ, ਡਾ. ਨਾਨਕ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਮਾਨਸਾ ਦੀ ਨਿਗਰਾਨੀ ਹੇਠ ਜ਼ਿਲ੍ਹਾ ਮਾਨਸਾ ਦੀਆਂ ਨਸ਼ਾ ਪ੍ਰਭਾਵਿਤ ਸ਼ੱਕੀ ਥਾਵਾਂ ਦੀ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਅਸਰਦਾਰ ਢੰਗ ਨਾਲ ਸਰਚ ਕੀਤੀ ਗਈ। ਇਸ ਸਰਚ ਅਪਰੇਸ਼ਨ ਦੌਰਾਨ 7 ਡੀ.ਐਸ.ਪੀ, 9 ਮੁੱਖ ਅਫਸਰਾਂ ਸਮੇਤ 335 ਪੁਲਿਸ ਕਰਮਚਾਰੀਆਂ ਜਿੰਨ੍ਹਾਂ ਵਿੱਚ ਮਾਨਸਾ ਪੁਲਿਸ, ਕਮਾਡੋਂ ਪੁਲਿਸ ਅਤੇ ਐਸ.ਟੀ.ਐੱਫ ਦੀਆਂ ਟੀਮਾਂ ਸ਼ਾਮਲ ਸਨ।

ਇਸ ਸਪੈਸ਼ਲ ਸਰਚ ਅਪਰੇਸ਼ਨ ਦੌਰਾਨ ਐਨ.ਡੀ.ਪੀ.ਐਸ ਐਕਟ ਤਹਿਤ 18 ਮੁੱਕਦਮੇ ਦਰਜ ਕਰਕੇ 21 ਵਿਅਕਤੀਆਂ ਨੂੰ ਕਾਬੂ ਕਰਕੇ 4 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ, 144 ਗਰਾਮ ਹੈਰੋਇਨ (ਚਿੱਟਾ), 50 ਗ੍ਰਾਮ ਅਫੀਮ, 1 ਕਿਲੋਗ੍ਰਾਮ ਗਾਂਜਾਂ, 2230 ਨਸ਼ੀਲੀਆਂ ਗੋਲੀਆਂ, 2600 ਸਿਗਨੈਚਰ ਕੈਪਸੂਲ ਬਰਾਮਦ ਕੀਤੇ ਗਏ ਹਨ। ਆਬਕਾਰੀ ਐਕਟ ਤਹਿਤ 1 ਮੁਕੱਦਮਾ ਦਰਜ ਕਰਕੇ 25 ਲੀਟਰ ਨਾਜਾਇਜ਼ ਸ਼ਰਾਬ ਦੀ ਬਰਾਮਦਗੀ ਕੀਤੀ ਗਈ। ਗ੍ਰਿਫਤਾਰ ਵਿਅਕਤੀਆਂ ਵਿਰੁੱਧ ਵੱਖ ਵੱਖ ਥਾਣਿਆਂ ਅੰਦਰ ਮੁਕੱਦਮੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ ਹੈ। ਇਸ ਸਪੈਸਲ ਸਰਚ ਅਪਰੇਸ਼ਨ ਦੌਰਾਨ ਥਾਣਾ ਸਿਟੀ ਬੁਢਲਾਡਾ ਦੇ ਵੱਖ-ਵੱਖ ਮੈਡੀਕਲਾਂ ਦੀਆਂ ਦੁਕਾਨਾਂ ਦੀ ਵੀ ਅਸਰਦਾਰ ਢੰਗ ਨਾਲ ਚੈਕਿੰਗ ਕੀਤੀ ਗਈ ਹੈ।

 ਡਾ. ਨਾਨਕ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਮਾਨਸਾ ਵੱਲੋਂ ਪਹਿਲਾਂ ਹੀ ਵਿਸੇਸ਼ ਮੁਹਿੰਮ ਆਰੰਭ ਕਰਕੇ ਰੋਜ਼ਾਨਾ ਹੀ ਗਸ਼ਤਾਂ, ਨਾਕਾਬੰਦੀਆਂ ਅਤੇ ਸਰਚ ਅਪਰੇਸਨ ਚਲਾ ਕੇ ਜਿੱਥੇ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ, ਉੱਥੇ ਹੀ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਮੁਕੱਦਮੇ ਦਰਜ ਕਰਕੇ ਵੱਡੀ ਬਰਾਮਦਗੀ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸ਼ਰਾਰਤੀ ਅਤੇ ਮਾੜੇ ਅਨਸਰ ਨੂੰ ਸਿਰ ਚੁੱਕਣ ਨਹੀ ਦਿੱਤਾ ਜਾਵੇਗਾ। ਜ਼ਿਲ੍ਹੇ ਅੰਦਰ ਅਮਨ ਕਾਨੂੰਨ ਵਿਵਸਥਾ ਨੂੰ ਹਰ ਹਾਲ ਕਾਇਮ ਰੱਖਿਆ ਜਾਵੇਗਾ। ਮਾਨਸਾ ਪੁਲਿਸ ਵੱਲੋਂ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾਂ ਹੀ ਜਾਰੀ ਰੱਖਿਆ ਜਾਵੇਗਾ।


ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾ ਸਬੰਧੀ ਜਾਗਰੂਕ ਕਰਨ ਲਈ ਡਾ. ਨਾਨਕ ਸਿੰਘ ਐਸ.ਐਸ.ਪੀ. ਮਾਨਸ ਵੱਲੋਂ ਥਾਣਾ ਸਰਦੂਲਗੜ੍ਹ ਦੇ ਏਰੀਏ ਵਿੱਚ ਮੀਟਿੰਗ ਕੀਤੀ ਗਈ, ਜਿਸ ਵਿੱਚ ਨੌਜਵਾਨ ਪੀੜੀ ਨੂੰ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਅਤੇ ਪੜ੍ਹਾਈ ਵੱਲ ਉਤਸ਼ਾਹਿਤ ਹੋਣ ਲਈ ਪ੍ਰੇਰਿਤ ਕੀਤਾ, ਉੱਥੇ ਹੀ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵੀ ਪੁਲਿਸ ਵੱਲੋਂ ਦਿਨ ਰਾਤ ਡਿਊਟੀ ਨਿਭਾ ਕੇ ਲੋਕਾ ਦੇ ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾ ਦੀ ਸਹਾਇਤਾ ਕੀਤੀ ਜਾ ਰਹੀ ਹੈ।