Punjab News: ਲੋਕ ਸਭਾ ਚੋਣਾਂ ਲਈ I.N.D.I.A ਵਿੱਚ 'ਆਪ' ਤੇ ਕਾਂਗਰਸ ਵੱਲੋਂ ਸ਼ਮੂਲੀਅਤ ਦੀ ਹਾਮੀ ਭਰਨ ਨਾਲ ਪੰਜਾਬ ਵਿੱਚ ਸਿਆਸੀ ਸਮੀਕਰਨ ਅਜੀਬੋ-ਗਰੀਬ ਹੋ ਗਏ ਹਨ। ਪੰਜਾਬ ਵਿੱਚ ਕਾਂਗਰਸ ਤੇ 'ਆਪ' ਵਿਚਾਲੇ ਤਿੱਖੀ ਸਿਆਸੀ ਜੰਗ ਚੱਲ ਰਹੀ ਹੈ। 'ਆਪ' ਸਰਕਾਰ ਕਾਂਗਰਸੀ ਲੀਡਰਾਂ ਖਿਲਾਫ ਵਿਜੀਲੈਂਸ ਜਾਂਚ ਕਰ ਰਹੀ ਹੈ। ਉਧਰ, ਕਾਂਗਰਸ ਵੀ 'ਆਪ' ਨੂੰ ਮੁੱਖ ਵਿਰੋਧੀ ਮੰਨਦੀ ਹੋਈ ਹਰ ਥਾਂ ਉੱਪਰ ਘੇਰ ਰਹੀ ਹੈ। 


ਇਸ ਲਈ ਕਾਂਗਰਸ ਦੀ ਹਾਲਤ ਕਸੂਤੀ ਬਣੀ ਹੋਈ ਹੈ। ਹੁਣ ਕਾਂਗਰਸ ਦੇ ਲੀਡਰ ਹਾਈਕਮਾਨ ਕੋਲ ਪਹੁੰਚ ਕਰ ਰਹੇ ਹਨ। ਪੰਜਾਬ ਕਾਂਗਰਸ ਦੇ ਆਗੂ ਅੱਜ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਹ ਆਮ ਆਦਮੀ ਪਾਰਟੀ (ਆਪ) ਨਾਲ ਗਠਜੋੜ ਬਾਰੇ ਆਪਣੀ ਰਾਏ ਦੇਣਗੇ। 


ਸੂਤਰਾਂ ਮੁਤਾਬਕ ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਕੌਮੀ ਪ੍ਰਧਾਨ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਬਾਜਵਾ ਸਮੇਤ ਸਮੁੱਚੀ ਪੰਜਾਬ ਕਾਂਗਰਸ ‘ਆਪ’ ਨਾਲ ਗਠਜੋੜ ਕਰਨ ਤੋਂ ਇਨਕਾਰ ਕਰ ਚੁੱਕੀ ਹੈ ਪਰ ਕਾਂਗਰਸ ਵੱਲੋਂ I.N.D.I.A ਦਾ ਹਿੱਸਾ ਬਣਨ ਮਗਰੋਂ ਪੰਜਾਬ ਕਾਂਗਰਸ ਦੁਚਿੱਤੀ ਵਿੱਚ ਹੈ। ਇਹੀ ਕਾਰਨ ਹੈ ਕਿ ਅੱਜ ਪੰਜਾਬ ਕਾਂਗਰਸ ਦੇ ਆਗੂ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਗੱਲਬਾਤ ਕਰਨ ਜਾ ਰਹੇ ਹਨ।


ਇਹ ਵੀ ਪੜ੍ਹੋ: Jalandhar News: ਲਾਡੋਵਾਲ ਟੋਲ ਪਲਾਜ਼ੇ ਦੇ ਮੁਲਾਜ਼ਮਾਂ ਤੋਂ 23 ਲੱਖ ਦੀ ਲੁੱਟ, ਹਾਈ ਅਲਰਟ ਜਾਰੀ


ਬਾਜਵਾ ਨੇ ‘ਆਪ’ ਨਾਲ ਗਠਜੋੜ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ। ਉਹ ਇਸ ਸਬੰਧੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਮਿਲਣ ਦੀ ਗੱਲ ਪਹਿਲਾਂ ਹੀ ਕਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਲੰਮੇ ਸਮੇਂ ਤੋਂ ਪੰਜਾਬ ਦੀਆਂ ਦੋ ਵੱਡੀਆਂ ਪਾਰਟੀਆਂ ਵਿੱਚੋਂ ਇੱਕ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਬਦਲਾਅ ਚਾਹੁੰਦੇ ਸਨ, ਜਿਸ ਕਾਰਨ 'ਆਪ' ਸੱਤਾ 'ਚ ਆਈ ਪਰ ਲੋਕ ਹੁਣ ਠੱਗਿਆ ਮਹਿਸੂਸ ਕਰ ਰਹੇ ਹਨ। ਪੰਜਾਬ ਆਰਥਿਕ, ਸਮਾਜਿਕ ਤੇ ਅਮਨ-ਕਾਨੂੰਨ ਦੀ ਮਾਰ ਝੱਲ ਰਿਹਾ ਹੈ।


ਉਧਰ, ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਕਾਂਗਰਸ ਦੇ ਆਗੂਆਂ ਖਿਲਾਫ ਇੱਕ ਤੋਂ ਬਾਅਦ ਇੱਕ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਵੀ ਕਾਂਗਰਸ ਖਫਾ ਹੈ। ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ ਆਸ਼ੂ, ਸਾਬਕਾ ਵਿਧਾਇਕ ਕਿੱਕੀ ਢਿੱਲੋਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਵਿਧਾਇਕ ਬਰਿੰਦਰ ਮੀਤ ਪਾਹੜਾ ਤੇ ਹੋਰਾਂ ਖ਼ਿਲਾਫ਼ ਵਿਜੀਲੈਂਸ ਜਾਂਚ ਚੱਲ ਰਹੀ ਹੈ।


ਇਹ ਵੀ ਪੜ੍ਹੋ: Punjab news: ਹੈਰੋਇਨ ਨਾਲ ਫੜਿਆ ਲੀਡਰ 'ਅਕਾਲੀ' ਜਾਂ ਫਿਰ 'ਝਾੜੂਵਾਲ'? 'ਆਪ' ਦੇ ਦਾਅਵੇ ਮਗਰੋਂ ਅਕਾਲੀ ਦਲ ਨੇ ਕੀਤਾ ਧਮਾਕਾ