Manpreet summoned by Vigilance : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਬੀਜੇਪੀ ਦੇ ਲੀਡਰ ਮਨਪ੍ਰੀਤ ਸਿੰਘ ਬਾਦਲ ਤੋਂ ਅੱਜ ਵਿਜੀਲੈਂਸ ਬਿਊਰੋ ਪੁੱਛਗਿੱਛ ਕਰੇਗੀ। ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਦਫ਼ਤਰ ਵਿਖੇ ਤਲਬ ਕੀਤਾ ਹੈ। ਮਨਪ੍ਰੀਤ ਬਾਦਲ 'ਤੇ ਮੰਤਰੀ ਰਹਿੰਦਿਆਂ ਗਲਤ ਤਰੀਕੇ ਨਾਲ ਜ਼ਮੀਨ ਦੀ ਖਰੀਦੋ ਫਰੋਖ਼ਤ ਕਰਨ ਦੇ ਇਲਜ਼ਾਮ ਹਨ। ਮਨਪ੍ਰੀਤ ਸਿੰਘ ਬਾਦਲ ਦੀ ਸ਼ਿਕਾਇਤ ਵਿਜੀਲੈਂਸ ਨੂੰ ਅਕਾਲੀ ਦਲ ਦੇ ਸਰੂਪ ਚੰਦ ਸਿੰਗਲਾ ਨੇ ਕੀਤੀ ਸੀ।


ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਆਪਣੇ ਪੱਧਰ 'ਤੇ ਜਾਂਚ ਕੀਤੀ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਪੁੱਛਗਿੱਛ ਲਈ ਅੱਜ ਦੇ ਦਿਨ ਤਲਬ ਕੀਤਾ ਹੈ। ਥੋੜ੍ਹੀ ਦੇਰ ਵਿੱਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਿਜੀਲੈਂਸ ਦਫ਼ਤਰ ਬਠਿੰਡਾ ਵਿਖੇ ਅਧਿਕਾਰੀਆਂ ਸਾਹਮਣੇ ਪੇਸ਼ ਹੋਣਗੇ। 


ਦਰਅਸਲ ਮਨਪ੍ਰੀਤ ਸਿੰਘ ਬਾਦਲ 'ਤੇ ਸਰੂਪ ਚੰਦ ਸਿੰਗਲਾ ਨੇ ਇਲਜ਼ਾਮ ਲਾਏ ਸਨ ਕਿ ਸਾਬਕਾ ਵਿੱਤ ਮੰਤਰੀ ਨੇ ਪੁੱਡਾ ਤੋਂ ਕਰੋੜਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਖਰੀਦ ਕੀਤੀ ਹੈ। ਇਹ ਜ਼ਮੀਨ ਬਠਿੰਡਾ ਵਿੱਚ ਖਰੀਦ ਕੀਤੀ ਗਈ ਸੀ। ਸਿੰਗਲਾ ਦੇ ਇਲਜ਼ਾਮਾਂ ਮੁਤਾਬਕ ਮਨਪ੍ਰੀਤ ਸਿੰਘ ਬਾਦਲ ਨੇ ਮੰਤਰੀ ਰਹਿੰਦੇ ਹੋਏ ਪੁੱਡਾ ਤੋਂ ਜ਼ਮੀਨ ਖਰੀਦ ਕਰਨ ਦੇ ਲਈ ਆਪਣੇ ਹੀ ਕੁੱਝ ਵਿਅਕਤੀਆਂ ਤੋਂ ਬੋਲੀਆਂ ਲਗਵਾਈਆਂ ਸਨ। ਜਿਸ ਦੇ ਤਹਿਤ ਪੁੱਡਾ ਦੀ ਕਰੋੜਾਂ ਰੁਪਏ ਦੀ ਜ਼ਮੀਨ ਸਸਤੇ ਭਾਅ ਮਨਪ੍ਰੀਤ ਸਿੰਘ ਬਾਦਲ ਨੇ ਖਰੀਦ ਕੀਤੀ ਸੀ। ਬਠਿੰਡਾ ਦੇ ਪਾਸ਼ ਇਲਾਕੇ ਵਿੱਚ ਵਪਾਰਕ ਜ਼ਮੀਨ ਨੂੰ ਰਿਹਾਇਸ਼ੀ ਬਣਾ ਕੇ ਜ਼ਮੀਨ ਖਰੀਦ ਕਰਨ ਦੇ ਵੀ ਇਲਜ਼ਾਮ ਹਨ।  



ਸਰੂਪ ਚੰਦ ਸਿੰਗਲਾ ਦੇ ਇਲਜ਼ਾਮਾਂ ਦੀ ਜਾਂਚ ਹੁਣ ਵਿਜੀਲੈਂਸ ਕਰ ਰਹੀ ਹੈ। ਜੇਕਰ ਸਰੂਪ ਚੰਦ ਸਿੰਗਲਾ ਵੱਲੋਂ ਲਾਏ ਗਏ ਇਲਜ਼ਾਮ ਸਹੀ ਸਾਬਿਤ ਹੁੰਦੇ ਹਨ ਤਾਂ ਵਿਜੀਲੈਂਸ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਮਨਪ੍ਰੀਤ ਸਿੰਘ ਬਾਦਲ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਝੂਠਾ ਸਾਬਿਤ ਕਰ ਦਿੰਦੇ ਹਨ ਤਾਂ ਉਹਨਾਂ ਨੂੰ ਰਾਹਤ ਵੀ ਮਿਲ ਸਕਦੀ ਹੈ। 



ਮਨਪ੍ਰੀਤ ਸਿੰਘ ਬਾਦਲ ਦਾ ਸਿਆਸੀ ਸਫ਼ਰ 


ਮਨਪ੍ਰੀਤ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਸਨ। ਅਕਤੂਬਰ 2010 ਵਿੱਚ ਅਕਾਲੀ ਦਲ ਨੇ ਪਾਰਟੀ ਵਿਰੋਧੀਆਂ ਗਤੀਵਿਧੀਆਂ ਦਾ ਇਲਜ਼ਾਮ ਲਗਾਉਂਦਿਆਂ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕੀਤਾ ਸੀ। ਇਸ ਤੋਂ ਬਾਅਦ, ਸਾਲ 2011 ਵਿੱਚ ਸਾਬਕਾ ਵਿੱਤ ਮੰਤਰੀ ਨੇ ਆਪਣੀ ਨਵੀਂ ਸਿਆਸੀ ਪਾਰਟੀ ‘ਪੀਪਲਜ਼ ਪਾਰਟੀ ਆਫ਼ ਪੰਜਾਬ’ ਬਣਾਈ, ਜਿਸ ਨੂੰ ਉਨ੍ਹਾਂ 2017 ਵਿੱਚ ਕਾਂਗਰਸ ਵਿੱਚ ਰਲਾਇਆ।


ਮਨਪ੍ਰੀਤ ਬਾਦਲ ਨੇ ਕਾਂਗਰਸ ਦੀ ਟਿਕਟ ਤੋਂ ਹੀ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਠਿੰਡਾ (ਸ਼ਹਿਰੀ) ਤੋਂ ਚੋਣ ਲੜੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਜਿੱਤ ਦਰਜ ਕਰਵਾਈ। ਇਸੇ ਸੀਟ ਤੋਂ ਮਨਪ੍ਰੀਤ ਬਾਲਦ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੱਥੋਂ ਹਾਰੇ। ਮੌਜੂਦਾ ਸਮੇਂ 7 ਸਾਲ ਬਾਅਦ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।`