Sangrur News : ਅੱਜ ਸੰਗਰੂਰ ਜ਼ਿਲ੍ਹੇ ਦੇ ਕਸਬਾ ਲੌਗੋਵਾਲ 'ਚ ਨਸ਼ਾ ਰੋਕੂ ਐਕਸਨ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ। ਪਿਰਥੀ ਲੌਂਗੋਵਾਲ ਸਮੇਤ ਹੋਰਨਾਂ ਬੁਲਾਰਿਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਮਸਲਾ ਜਦੋਂ ਤੱਕ ਹੱਲ ਨਹੀਂ ਹੋ ਜਾਂਦਾ ,ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਿੰਡ ਪੱਧਰ 'ਤੇ ਮੁਜ਼ਾਹਰੇ ਕੀਤੇ ਜਾਣਗੇ ਅਤੇ ਨਸ਼ਾ ਕਰਨ ਵਾਲਿਆਂ ਨੂੰ ਸਮਝਾਇਆ ਜਾਵੇਗਾ। ਜੇਕਰ ਲੋੜ ਪਈ ਤਾਂ ਮੈਡੀਕਲ ਟ੍ਰੀਟਮੈਂਟ ਵੀ ਦਿੱਤਾ ਜਾਵੇਗਾ। 

 

ਨੌਜਵਾਨਾਂ ਨੇ ਪ੍ਰਣ ਕੀਤਾ ਕਿ ਚਿੱਟੇ ਦੀ ਮਾਰ ਪੂਰੇ ਪੰਜਾਬ 'ਤੇ ਪੈ ਰਹੀ ਹੈ। ਜਿਸ ਕਾਰਨ ਰੋਜ਼ਾਨਾ ਨੌਜਵਾਨਾਂ ਦੇ ਮਰਨ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਲਈ ਤੈਅ ਕੀਤਾ ਗਿਆ ਕਿ ਲੌਂਗੋਵਾਲ ਵਿੱਚ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਮਤਾ ਪਾਸ ਕੀਤਾ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਥਾਣੇ 'ਚੋਂ ਛੁਡਵਾਇਆ ਨਹੀਂ ਜਾਵੇਗਾ ਅਤੇ ਨਾ ਜਮਾਨਤ ਲਈ ਜਾਵੇਗੀ। 

 

ਇਸ ਮੌਕੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਰਣਜੀਤ ਸਿੰਘ ,ਕਿਰਤੀ ਕਿਸਾਨ ਯੂਨੀਅਨ ਦੇ ਹਰਦੇਵ ਸਿੰਘ , ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਬੀਰ ਸਿੰਘ ,ਮਾਸਟਰ ਜੁਝਾਰ ,ਤਰਕਸ਼ੀਲ ਸੁਸਾਇਟੀ ਦੇ ਆਗੂ ਕਾਮਲਜੀਤ ਸਿੰਘ ਵਿੱਕੀ ,ਪਿੰਡ ਨਗਰ ਕੌਂਸਲ ਦੇ ਪ੍ਰਧਾਨ ਗੁਰਵਿੰਦਰ ਕੌਰ ਬਰਾੜ ,ਐਮਸੀ ਸੁੱਕਰਪਾਲ ,ਬਲਵਿੰਦਰ ਸਿੰਘ ਕਾਲਾ, ਗੁਰਮੀਤ ਸਿੰਘ ,ਗੁਰਮੀਤ ਸਿੰਘ ਲੱਲੀ ਤੇ ਮੇਲਾ ਸਿੰਘ, ਸੂਬੇਦਾਰ ਕਾਮਲ ਬਰਾੜ ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਮਰਜੀਤ ਸਿੰਘ, ਕਾਮਰੇਡ ਸਤਪਾਲ ਸਿੰਘ ,ਬਲਵੰਤ ਸਿੰਘ ਬਿੱਟਾ, ਪਰਵਿੰਦਰ ਸਿੰਘ ਅਤੇ ਲੌਂਗੋਵਾਲ ਦੇ ਨੌਜਵਾਨ ਅਤੇ ਔਰਤਾਂ ਵੱਡੀ ਗਿਣਤੀ 'ਚ ਹਾਜ਼ਿਰ ਸੀ। 

 

ਦੱਸ ਦੇਈਏ ਕਿ ਇਸ ਤੋਂ ਕੁੱਝ ਦਿਨ ਪਹਿਲਾਂ ਮਾਨਸਾ ਤੋਂ ਪਲਵਿੰਦਰ ਸਿੰਘ ਝੋਟੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਮਾਨਸਾ ਪਹੁੰਚੇ ਲੋਕਾਂ ਨੇ ਝੋਟੇ ਦੇ ਹੱਕ ਵਿੱਚ ਪ੍ਰਦਰਸ਼ਨ ਕਰਦਿਆਂ ਇਹ ਮੁਹਿੰਮ ਪੂਰੇ ਪੰਜਾਬ ਵਿੱਚ ਵਿੱਢਣ ਦਾ ਐਲਾਨ ਕੀਤਾ ਸੀ।