Jalandar News: ਜ਼ਿਲ੍ਹਾ ਜਲੰਧਰ ਦੇ ਫਿਲੌਰ ਵਿੱਚ ਲਾਡੋਵਾਲ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦੀ ਕਾਰ ਨੂੰ ਲੁਟੇਰਿਆਂ ਨੇ ਘੇਰ ਲਿਆ ਅਤੇ ਉਨ੍ਹਾਂ ਕੋਲੋਂ ਕਰੀਬ 23 ਲੱਖ 50 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਇਸ ਲੁੱਟ ਦੀ  ਵਾਰਦਾਤ ਤੋਂ ਬਾਅਦ ਪੁਲਿਸ ਨੇ ਪੂਰੀ ਸਬ-ਡਵੀਜ਼ਨ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ।


ਜਾਣਕਾਰੀ ਮੁਤਾਬਕ, ਲਾਡੋਵਾਲ ਟੋਲ ਪਲਾਜ਼ੇ ਦੇ ਮੁਲਾਜ਼ਮ ਆਪਣੀ ਬੋਲੈਰੋ ਗੱਡੀ ਵਿੱਚ ਫਿਲੌਰ ਬੈਂਕ ਵਿੱਚ ਨਕਦੀ ਜਮ੍ਹਾਂ ਕਰਵਾਉਣ ਜਾ ਰਹੇ ਸੀ। ਇਸ ਦੌਰਾਨ ਲੁਟੇਰਿਆਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਕੇ ਉਨ੍ਹਾਂ ਨਾਲ ਮਾਰਕੁੱਟ ਕੀਤੀ ਤੇ ਇਸ ਤੋਂ ਬਾਅਦ ਹਥਿਆਰਾਂ ਦੇ ਦਮ ਉੱਤੇ ਨਗਦੀ ਖੋਹ ਕੇ ਫ਼ਰਾਰ ਹੋ ਗਏ। ਫਿਲਹਾਲ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਇਸ ਬਾਬਤ ਟੋਲ ਪਲਾਜ਼ੇ ਦੇ ਮੁਲਾਜ਼ਮ ਨੇ ਦੱਸਿਆ ਕਿ ਚਿੱਟੇ ਰੰਗ ਦੀ ਬਰੀਜ਼ਾ ਕਾਰ ਉਨ੍ਹਾਂ ਦੀ ਕਾਰ ਸਾਹਮਣੇ ਆ ਕੇ ਰੁਕੀ ਜਿਸ ਵਿੱਚ ਪੰਜ ਵਿਅਕਤੀ ਸਵਾਰ ਸਨ ਤੇ ਉਨ੍ਹਾਂ ਕੋਲ ਹਥਿਆਰ ਵੀ ਸਨ। ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਕੋਲ ਸਾਢੇ 23 ਲੱਖ ਦੇ ਕਰੀਬ ਦੀ ਨਗਦੀ ਸੀ ਜੋ ਕਿ ਉਹ ਲੁੱਟ ਕੇ ਫ਼ਰਾਰ ਹੋ ਗਏ ਹਨ। ਇਸ ਮੌਕੇ ਬਦਮਾਸ਼ਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਗੱਡੀ ਦੀ ਵੀ ਭੰਨਤੋੜ ਕੀਤੀ।


ਜ਼ਿਕਰ ਕਰ ਦਈਏ ਕਿ ਜਿਸ ਸਮੇਂ ਇਹ ਲੁੱਟ ਹੋਈ ਉਸ ਵੇਲੇ ਗੱਡੀ ਵਿੱਚ ਦੋ ਹੀ ਵਿਅਕਤੀ ਸਵਾਰ ਸਨ। ਇੱਥੇ ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਨਗਦੀ ਲੈ ਕੇ ਜਾ ਰਹੀ ਗੱਡੀ ਵਿੱਚ ਕੋਈ ਵੀ ਸੁਰੱਖਿਆ ਕਰਮੀ ਮੌਜੂਦ ਨਹੀਂ ਸੀ ਇਸ ਲਈ ਪੁਲਿਸ ਇਸ ਮਾਮਲੇ ਦੀ ਹਰ ਪੱਖ ਨਾਲ ਜਾਂਚ ਕਰ ਰਹੀ ਹੈ।


ਇਸ ਬਾਰੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੁੱਟ ਦੀ ਵਾਰਦਾਤ ਦੀ ਜਾਣਕਾਰੀ ਮਿਲੀ ਹੈ ਜਿਸ ਨੂੰ 5 ਵਿਅਕਤੀਆਂ ਨੇ ਅੰਜਾਮ ਦਿੱਤਾ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੀੜਤਾਂ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


ਇਹ ਵੀ ਪੜ੍ਹੋ: SGPC Gurbani Live: ਗੁਰਬਾਣੀ ਦੇ ਪਹਿਲੇ ਪ੍ਰਸਾਰਣ 'ਤੇ ਉੱਠੇ ਸਵਾਲ, SGPC ਦੇ ਨਾਲ ਨਾਲ ਇਸ ਚੈਨਲ ਨੇ ਵੀ ਕਰ ਦਿੱਤਾ ਲਾਈਵ