ਮਾਨਸਾ: ਇੱਕ ਪਾਸੇ ਲੋਕ ਦੀਵਾਲੀ ਦਾ ਜਸ਼ਨ ਮਨਾ ਰਹੇ ਸੀ ਤੇ ਦੂਜੇ ਪਾਸੇ ਜ਼ਿਲ੍ਹਾ ਮਾਨਸਾ ਦੇ ਪਿੰਡ ਮਾਨਸਾ ਖੁਰਦ ਵਿੱਚ ਨਸ਼ੇ ਦੀ ਓਵਰਡੋਜ਼ ਨਾਲ 19 ਸਾਲਾ ਨੌਜਵਾਨ ਦੀ ਮੌਤ ਨਾਲ ਮਾਤਮ ਛਾ ਗਿਆ। 19 ਸਾਲਾ ਧਰਮਪ੍ਰੀਤ ਦੀਵਾਲੀ ਦੀ ਸ਼ਾਮ ਆਪਣੇ ਦੋਸਤਾਂ ਨਾਲ ਨਸ਼ੇ ਦਾ ਟੀਕਾ ਲਾ ਕੇ ਜਿਵੇਂ ਹੀ ਘਰ ਪੁੱਜਾ, ਉਸ ਦੀ ਮੌਤ ਹੋ ਗਈ। ਪੁਲਿਸ ਨੇ ਲਾਸ ਨੂੰ ਪੋਸਟ ਮਾਰਟਮ ਲਈ ਭੇਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਧਰਮਪ੍ਰੀਤ ਦਾ ਮਾਂ ਨੇ ਦੱਸਿਆ ਕਿ ਉਸ ਦੇ ਬੇਟੇ ਨੂੰ 3 ਨੌਜਵਾਨ ਘਰ ਤੋਂ ਸਵੇਰੇ ਲੈ ਕੇ ਗਏ ਸੀ। ਜਦੋਂ ਉਹ ਵਾਪਿਸ ਆਇਆ ਤਾਂ ਬੇਹੋਸ਼ੀ ਦੀ ਹਾਲਤ ਵਿੱਚ ਸੀ ਤੇ ਕੁਝ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ। ਪਿੰਡ ਦੇ ਸਰਪੰਚ ਹਰਵਿੰਦਰ ਸਿੰਘ ਨੇ ਦੱਸਿਆ ਕਿ ਬੇਸ਼ਕ ਪੁਲਿਸ ਨਸ਼ਿਆਂ 'ਤੇ ਕਾਬੂ ਪਾਉਣ ਲਈ ਪੂਰੇ ਯਤਨ ਕਰ ਰਹੀ ਹੈ ਪਰ ਹਾਲੇ ਵੀ ਨਸ਼ਿਆਂ ਦੇ ਸ਼ਿਕਾਰ ਨੌਜਵਾਨਾਂ ਦੀ ਮੌਤ ਹੋ ਰਹੀ ਹੈ।
ਇਸ ਬਾਰੇ ਪੁਲਿਸ ਨੇ ਕਿਹਾ ਕਿ ਨੌਜਵਾਨ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਮ੍ਰਿਤਕ ਲੜਕੇ ਦੀ ਮਾਤਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਪੋਸਟ ਮਾਰਟਮ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਏਗੀ।