ਚੰਡੀਗੜ੍ਹ: ਆਮ ਆਦਮੀ ਪਾਰਟੀ ਨੂੰ ਸਭ ਤੋਂ ਪਹਿਲਾਂ 2017 'ਚ ਵਿਧਾਨ ਸਭਾ ਚੋਣਾਂ 'ਚ ਵੱਡਾ ਝਟਕਾ ਲੱਗਿਆ ਸੀ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਗੁਰਦਾਸਪੁਰ ਜ਼ਿਮਨੀ ਚੋਣ ਬੁਰੇ ਤਰੀਕੇ ਨਾਲ ਹਾਰ ਗਈ। ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜ਼ਮਾਨਤ ਤੱਕ ਨਹੀਂ ਬਚੀ।

ਹੁਣ ਸਵਾਲ ਇਹ ਹੈ ਕਿ ਕੀ ਆਮ ਆਦਮੀ ਪਾਰਟੀ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ 'ਚ ਆਪਣੀ ਸਾਖ਼ ਬਚਾ ਪਾਵੇਗੀ? ਮੋਟੀ ਮੋਟੀ ਨਜ਼ਰੇ ਇਹ ਗੱਲ ਬੇਹੱਦ ਔਖੀ ਲੱਗਦੀ ਹੈ ਕਿ ਆਮ ਆਦਮੀ ਪਾਰਟੀ ਨਿਗਮ ਚੋਣਾਂ 'ਚ ਕੋਈ ਬਹੁਤ ਚੰਗਾ ਪ੍ਰਦਰਸ਼ਨ ਕਰ ਸਕਦੀ ਹੈ ਕਿਉਂਕਿ ਕਾਂਗਰਸ ਦੀ ਸਰਕਾਰ ਹੈ। ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ 'ਚ ਪੁਰਾਣੀ ਪਾਰਟੀ ਹੋਣ ਕਾਰਨ ਵੱਡਾ ਜਨਤਕ ਅਧਾਰ ਹੈ। ਅਜਿਹੇ 'ਚ ਆਦਮੀ ਪਾਰਟੀ ਲਈ ਖੜ੍ਹੇ ਹੋਣਾ ਬੇਹੱਦ ਮੁਸ਼ਕਲ ਹੈ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਸੀ ਉਦੋਂ 'ਆਪ' ਨੂੰ ਸਿਰਫ਼ ਮਾਲਵੇ 'ਚੋਂ ਹੀ ਸਮਰਥਨ ਮਿਲਿਆ ਸੀ।

ਆਮ ਆਦਮੀ ਪਾਰਟੀ ਦੀ ਅੰਦਰੂਨੀ ਧੜੇਬੰਦੀ ਕਾਰਨ ਵੀ ਪਾਰਟੀ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਇਹ ਸੁਖਪਾਲ ਖਹਿਰਾ ਨਾਲ ਜੁੜੇ ਕਥਿਤ ਡਰੱਗ ਮਾਮਲੇ 'ਚ ਖੁੱਲ੍ਹ ਕੇ ਸਾਹਮਣੇ ਆਈ। ਜਿੱਥੇ ਪਾਰਟੀ ਦੇ ਕਈ ਵਿਧਾਇਕ ਖਹਿਰਾ ਖ਼ਿਲਾਫ ਜਨਕਤ ਤੌਰ 'ਤੇ ਨਿੱਤਰੇ ਉੱਥੇ ਹੀ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਤੋਂ ਪਹਿਲਾਂ ਭਗਵੰਤ ਮਾਨ ਨੇ ਸੁਖਪਾਲ ਸਿੰਘ ਖਹਿਰਾ ਦੇ ਪੱਖ 'ਚ ਇੱਕ ਵੀ ਬਿਆਨ ਨਹੀਂ ਦਿੱਤਾ। ਸਗੋਂ ਇਹ ਕਿਹਾ ਕਿ ਆਮ ਆਦਮੀ ਪਾਰਟੀ ਨੇ ਖਹਿਰਾ ਖ਼ਿਲਾਫ ਅੰਦਰੂਨੀ ਜਾਂਚ ਬਿਠਾਈ ਹੈ ਤੇ ਕਾਨੂੰਨੀ ਰਾਏ ਵੀ ਲਈ ਜਾ ਰਹੀ ਹੈ।

ਅਜਿਹੇ 'ਚ ਨਿਗਮ ਚੋਣਾਂ ਤੋਂ ਬਾਅਦ 2019 'ਚ ਲੋਕ ਸਭਾ ਚੋਣਾਂ ਹਨ। ਯਾਨੀ ਸੈਮੀਫਾਈਲ ਲੋਕ ਸਭਾ ਚੋਣਾਂ ਹਨ ਤੇ ਜੇ ਆਮ ਆਦਮੀ ਪਾਰਟੀ ਸੈਮੀਫਾਈਨਲ 'ਚ ਵੀ ਆਪਣੀ ਸਾਖ਼ ਨਾ ਬਚਾ ਪਾਈ ਤਾਂ ਉਸ ਲਈ 2022 ਦੀ ਲੜਾਈ ਬੇਹੱਦ ਮੁਸ਼ਕਲ ਹੋ ਜਾਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਕੋਲ ਪੰਜਾਬ 'ਚ ਚਾਰ ਲੋਕ ਸਭਾ ਸੀਟਾਂ ਹਨ ਤੇ ਜੇ 2019 'ਚ ਚਾਰ ਸੀਟਾਂ ਵੀ ਨਾ ਆਈਆਂ ਤਾਂ 'ਆਪ' ਦੀ ਹੋਂਦ 'ਤੇ ਸਵਾਲ ਖੜ੍ਹੇ ਹੋ ਜਾਣਗੇ। ਹਾਲਾਂਕਿ ਪਾਰਟੀ ਪ੍ਰਧਾਨ ਭਗਵੰਤ ਮਾਨ ਦਾ ਕਹਿਣਾ ਹੈ ਕਿ ਨਿਗਮ ਚੋਣਾਂ ਤੇ ਲੋਕ ਸਭਾ ਚੋਣਾਂ 'ਚ ਪਾਰਟੀ ਦਾ ਪ੍ਰਰਦਸ਼ਨ ਬੇਹੱਦ ਚੰਗਾ ਰਹੇਗਾ।