ਪੰਜਾਬ ਦੇ ਘਰਾਂ ਵਿੱਚ ਪੁੱਤਰ ਦੀ ਚਾਹ ਅਕਸਰ ਵੇਖੀ ਜਾਂਦੀ ਹੈ, ਪਰ ਇਹ ਚਾਹ ਅੱਧਖੜ ਉਮਰ ਦੀ ਔਰਤ ਵਿੱਚ ਵੀ ਹੁੰਦੀ ਹੈ, ਇਹ ਸਮੇਂ ਦੇ ਨਾਲ-ਨਾਲ ਪਤਾ ਲੱਗ ਰਿਹਾ ਹੈ। ਬੀਤੇ ਸਾਲ ਮਈ ਵਿੱਚ ਅੰਮ੍ਰਿਤਸਰ ਦੀ ਇੱਕ 70 ਸਾਲਾ ਔਰਤ ਨੇ ਗ਼ੈਰ-ਕੁਦਰਤੀ ਤਰੀਕੇ ਨਾਲ ਪੁੱਤਰ ਨੂੰ ਜਨਮ ਦਿੱਤਾ ਸੀ ਅਤੇ ਹੁਣ ਮਾਨਸਾ ਦੀ ਇੱਕ 62 ਸਾਲਾ ਔਰਤ ਨੇ ਜੌੜੇ ਬੱਚਿਆ ਨੂੰ ਜਨਮ ਦਿੱਤਾ ਹੈ।
ਬੀਤੇ ਦਿਨੀਂ ਜ਼ਿਲ੍ਹਾ ਮਾਨਸਾ ਦੇ ਇਸ ਬਜ਼ੁਰਗ ਜੋੜੇ ਦੇ ਇੱਕ ਮੁੰਡਾ ਤੇ ਇੱਕ ਕੁੜੀ ਸ਼ਾਮਲ ਹੈ। ਪਿੰਡ ਨੰਗਲ ਕਲਾਂ ਦੀ 62 ਸਾਲ ਦੀ ਉਮਰ ਵਿੱਚ ਮਾਂ ਬਣੀ ਗੁਰਵਿੰਦਰ ਕੌਰ ਨੇ ਆਈ.ਵੀ.ਐੱਫ. ਤਕਨੀਕ ਰਾਹੀਂ ਜੌੜੇ ਬੱਚਿਆਂ ਨੂੰ ਜਨਮ ਦਿੱਤਾ ਹੈ। ਹਸਪਤਾਲ ਮੁਤਾਬਕ ਦੋਵੇਂ ਬੱਚੇ ਤੰਦਰੁਸਤ ਹਨ ਤੇ ਜੱਚਾ-ਬੱਚਾ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਜੋੜੇ ਦੇ ਪਹਿਲਾਂ ਵੀ ਤਿੰਨ ਧੀਆਂ ਹਨ, ਜਿਨ੍ਹਾਂ ਵਿੱਚੋਂ ਦੋ ਵਿਆਹੀਆਂ ਹੋਈਆਂ ਹਨ ਤੇ ਇੱਕ ਹਾਲੇ ਕੁਆਰੀ ਹੈ। ਰੌਚਕ ਤੱਥ ਇਹ ਹੈ ਕਿ ਦੋਵੇਂ ਵਿਆਹੀਆਂ ਧੀਆਂ ਦੇ ਬੱਚੇ ਵੀ ਹਨ। ਬੱਚਿਆਂ ਦੇ ਪਿਤਾ ਕਿਸਾਨ ਬਲਵੀਰ ਸਿੰਘ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਨ੍ਹਾਂ ਦੇ ਇਕਲੌਤੇ ਪੁੱਤਰ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ, ਜਿਸ ਕਰ ਕੇ ਉਨ੍ਹਾਂ ਨੂੰ ਜਾਇਦਾਦ ਦੇ ਵਾਰਿਸ ਦੀ ਘਾਟ ਮਹਿਸੂਸ ਹੋਣ ਲੱਗੀ ਸੀ।
ਗੁਰਵਿੰਦਰ ਕੌਰ ਨੇ ਦੱਸਿਆ ਕਿ ਪੁੱਤਰ ਦੀ ਮੌਤ ਹੋਣ ਤੋਂ ਬਾਅਦ ਉਸਨੂੰ ਇਸ ਉਮਰ ਵਿੱਚ ਪੁੱਤਰ ਮਿਲਣ ਦੀ ਉਮੀਦ ਵੀ ਨਾਮਾਤਰ ਲੱਗੀ। ਉਸ ਦੀਆਂ ਧੀਆਂ ਨੇ ਉਸ ਨੂੰ ਆਈਵੀਐਫ ਜ਼ਰੀਏ ਮਾਂ ਬਣਨ ਦੀ ਸਲਾਹ ਦਿੱਤੀ। ਉਨ੍ਹਾਂ ਦੀ ਗੱਲ ਮੰਨਕੇ ਉਸ ਨੇ ਇਹ ਤਕਨੀਕ ਅਜ਼ਮਾਉਣ ਦਾ ਫ਼ੈਸਲਾ ਕੀਤਾ ਤੇ ਬੀਤੀ 20 ਨਵੰਬਰ ਨੂੰ ਉਸ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਹਸਪਤਾਲ ਵਿੱਚ ਜੌੜੇ ਬੱਚਿਆਂ ਨੂੰ ਜਨਮ ਦਿੱਤਾ।