ਚੰਡੀਗੜ੍ਹ: ਸੁਖਪਾਲ ਖਹਿਰਾ ਦੇ ਮੁੱਦੇ ਸਮੇਂ ਮੈਂ ਲੋਕ ਸਭਾ ਦੀਆਂ ਕਮੇਟੀਆਂ ਦੀਆਂ ਮੀਟਿੰਗਾਂ ਵਿੱਚ 'ਬਿਜ਼ੀ' ਸੀ। ਇਸ ਕਰ ਕੇ ਮੈਂ ਇੱਥੇ ਨਹੀਂ ਆ ਸਕਿਆ। ਪਰ ਮੈਂ ਪੂਰਨ ਤੌਰ 'ਤੇ ਖਾਹਿਰਾ ਨਾਲ ਹਾਂ। ਸੁਖਪਾਲ ਖਾਹਿਰਾ ਵਿਵਾਦ 'ਤੇ ਹੁਣ ਤੱਕ ਚੁੱਪ ਰਹੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਅੱਜ ਇਹ ਗੱਲ ਕਹੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਖਹਿਰਾ ਦੇ ਮਸਲੇ 'ਤੇ ਪਾਰਟੀ ਦੀ ਸਹਿਮਤੀ ਨਾਲ ਜਾਂਚ ਜ਼ਰੂਰ ਬਿਠਾਈ ਸੀ ਪਰ ਹੁਣ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲ ਚੁੱਕੀ ਹੈ ਤੇ ਉਸ ਜਾਂਚ ਦਾ ਕੋਈ ਮਤਲਬ ਨਹੀਂ ਬਣਦਾ। ਮਾਨ ਨੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਖਹਿਰਾ ਦੇ ਖਿਲਾਫ ਇਕਜੁੱਟ ਨੇ ਤੇ ਇਸ ਨਾਲ ਉਨ੍ਹਾਂ ਦੇ ਮਿਲੇ ਹੋਣ ਦੇ ਸਬੂਤ ਵੀ ਮਿਲੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਵਿੱਚ ਕੋਈ ਧੜੇਬੰਦੀ ਨਹੀਂ ਹੈ ਤੇ ਅੰਦੂਰਨੀ ਲੋਕਤੰਤਰ ਕਰਨ ਸਾਰੇ ਆਪਣੀ ਗੱਲ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਕੁਮਾਰ ਵਿਸ਼ਵਾਸ ਵੀ ਪਾਰਟੀ ਦੇ ਨਾਲ ਹਨ ਤੇ ਇਹ ਸਭ ਮੀਡੀਆ ਦੀ ਚਰਚਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਸਾਰੇ ਨਿਗਮਾਂ 'ਤੇ ਨਗਰ ਕੌਂਸਲ ਦੀਆਂ ਚੋਣਾਂ ਲੜੇਗੀ। ਮਾਨ ਨੇ ਕਿਹਾ ਕਿ ਚੋਣਾਂ ਲਈ ਪਾਰਟੀ ਦੀ ਪੂਰੀ ਤਿਆਰੀ ਹੈ ਤੇ ਇਸ ਵਾਰ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਰਹੇਗਾ।