ਸਿੱਧੂ ਨੂੰ ਜਾਪਣ ਲੱਗਾ ਕਿ ਰਾਹੁਲ ਗਾਂਧੀ ਹੋ ਗਿਆ 'ਸਿਆਣਾ'
ਏਬੀਪੀ ਸਾਂਝਾ | 02 Dec 2017 06:53 PM (IST)
ਪੁਰਾਣੀ ਤਸਵੀਰ
ਲੁਧਿਆਣਾ: ਰਾਹੁਲ ਗਾਂਧੀ ਸਿਆਣੇ ਹੋ ਗਏ ਹਨ, ਉਹ ਭਲਾ-ਬੁਰਾ ਸਮਝਦੇ ਹਨ। ਉਹ ਅੱਜ ਬੁਰੇ ਸਮੇਂ ਖੜ੍ਹੀ ਕਾਂਗਰਸ ਵਿੱਚ ਜਾਨ ਪਾ ਰਹੇ ਹਨ। ਇਹ ਸ਼ਬਦ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਦੇ ਮਾਡਲ ਟਾਊਨ ਵਿੱਚ ਅੱਜ ਮਾਸਟਰ ਤਾਰਾ ਸਿੰਘ ਦੀ 50ਵੀਂ ਬਰਸੀ ਮੌਕੇ ਕਰਵਾਏ ਇੱਕ ਸਮਾਗਮ ਵਿੱਚ ਕਹੇ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਕਾਂਗਰਸ ਦਾ ਸਮਾਂ ਚੰਗਾ ਸੀ ਤਾਂ ਸਨੀਆ ਗਾਂਧੀ ਨੇ ਮਨਮੋਹਨ ਸਿੰਘ ਹੱਥ ਵਾਗਡੋਰ ਫੜਾ ਦਿੱਤੀ ਸੀ। ਮੰਤਰੀ ਨੇ ਕਿਹਾ ਕਿ ਹੁਣ ਕਾਂਗਰਸ ਦੇ ਬੁਰੇ ਸਮੇਂ ਵਿੱਚ ਰਾਹੁਲ ਗਾਂਧੀ ਇਸ ਦੇ ਪੱਧਰ ਨੂੰ ਉੱਚਾ ਚੁੱਕਣ ਵਿੱਚ ਲੱਗੇ ਹੋਏ ਹਨ। ਸਮਾਗਮ ਵਿੱਚ ਪਰਮਜੀਤ ਸਿੰਘ ਸਰਨਾ ਵੀ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਹੋਏ ਬਹਿਬਲ ਕਲਾਂ ਕਾਂਡ ਲਈ ਪੂਰੀ ਤਰ੍ਹਾਂ ਬਾਦਲ ਜ਼ਿੰਮੇਵਾਰ ਹੈ। ਇਸ ਸਮੇਂ ਨਵਜੋਤ ਸਿੰਘ ਸਿੱਧੂ ਤੇ ਸਰਨਾ ਨੇ ਮਾਸਟਰ ਤਾਰਾ ਸਿੰਘ ਦੀ ਯਾਦ ਵਿੱਚ ਇੱਕ ਵੱਡਾ ਬੁੱਤ ਜਾਂ ਯੂਨੀਵਰਸਿਟੀ ਵਿੱਚ ਚੇਅਰ ਦੀ ਸਥਾਪਨਾ ਕਰਨ ਬਾਰੇ ਵਿਚਾਰ ਕੀਤਾ।