ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਨੂੰ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਪੰਚਕੂਲਾ ਵਿੱਚ 25 ਅਗਸਤ ਨੂੰ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਨੇ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਨੂੰ ਚਾਰਜਸ਼ੀਟ ਵਿਚ ਤਾਂ ਮੁੱਖ ਮੁਲਜ਼ਮ ਬਣਾ ਦਿੱਤਾ ਹੈ ਪਰ, ਰਾਮ ਰਹੀਮ ਦਾ ਨਾਂਅ ਕੀਤੇ ਵੀ ਨਹੀਂ ਆਇਆ। ਇਸ ਗੱਲ ਨੂੰ ਸਪਸ਼ਟ ਕਰਦੇ ਹਰਿਆਣਾ ਦੇ ਡੀ.ਜੀ.ਪੀ. ਬੀ. ਐੱਸ. ਸੰਧੂ ਨੇ ਕਿਹਾ ਕਿ ਹਾਲੇ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਪੁੱਛਗਿੱਛ ਬਾਕੀ ਹੈ।
ਚਾਰਜਸ਼ੀਟ ਵਿੱਚ ਪੁਲਿਸ ਨੇ ਇਹ ਲਿਖਿਆ ਹੈ ਕਿ ਹਨੀਪ੍ਰੀਤ ਤੇ ਹੋਰ ਕਈਆਂ ਨੇ ਰਾਮ ਰਹੀਮ ਨੂੰ ਭਜਾਉਣ ਦੀ ਸਾਜ਼ਿਸ਼ ਰਚੀ ਸੀ, ਜਿਸ ਕਰ ਕੇ ਪੰਚਕੂਲਾ ਵਿੱਚ ਦੰਗੇ ਭੜਕਾਏ ਗਏ ਸੀ। ਇੱਥੇ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਜੇ ਡੇਰਾ ਮੁਖੀ ਨੂੰ ਭਜਾਉਣ ਲਈ ਇੰਨੀ ਵੱਡੀ ਸਾਜ਼ਿਸ਼ ਰਚੀ ਗਈ ਤਾਂ ਫਿਰ ਬਾਬੇ 'ਤੇ ਕੋਈ ਕਾਰਵਾਈ ਕਿਉਂ ਨਹੀਂ?
ਡੀਜੀਪੀ ਨੇ ਗੱਲ ਨੂੰ 'ਗੋਲ' ਕਰਦੇ ਹੋਏ ਕਿਹਾ ਕਿ ਹਾਲੇ ਇਸ ਮਾਮਲੇ ਵਿਚ ਬਹੁਤ ਸਾਰੀਆਂ ਗ੍ਰਿਫਤਾਰੀਆਂ ਬਾਕੀ ਨੇ, ਪਰ ਰਾਮ ਰਹੀਮ ਬਾਰੇ ਕੋਈ ਟਿਪਣੀ ਨਹੀਂ ਕੀਤੀ। ਇਹ ਬਿਆਨ ਡੀਜੀਪੀ ਬੀਐਸ ਸੰਧੂ ਰੋਹਤਕ ਵਿੱਚ 'ਪੁਲਿਸ ਮਿੱਤਰ' ਦਾ ਉਦਘਾਟਨ ਕਰਦੇ ਹੋਏ ਦਿੱਤਾ।
ਹਰਿਆਣਾ ਅਪਰਾਧ ਦੇ ਮਾਮਲੇ ਵਿੱਚ ਦੇਸ਼ ਭਰ ਵਿੱਚੋਂ ਤੀਜੇ ਨੰਬਰ 'ਤੇ ਹੈ ਤੇ ਡੀ.ਜੀ.ਪੀ. ਬੀ.ਐੱਸ. ਸੰਧੂ ਨੇ ਘੱਟ ਫੋਰਸ ਨੂੰ ਇਸ ਦਾ ਕਾਰਨ ਦੱਸਿਆ ਤੇ ਕਿਹਾ ਕਿ ਜੁਰਮ ਨੂੰ ਰੋਕਣ ਲਈ ਸਪੈਸ਼ਲ ਟਾਸਕ ਫੋਰਸ ਵੀ ਬਣਾਈ ਗਈ ਹੈ।