ਪਟਿਆਲਾ: ਆਮ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਦੀਆਂ ਚੋਣਾਂ ਲਈ ਆਪਣੀ ਪਹਿਲੀ ਸੂਚੀ ਵਿੱਚ 29 ਉਮੀਦਵਾਰਾਂ ਦੇ ਨਾਂਅ ਜਾਰੀ ਕਰ ਦਿੱਤੇ ਹਨ। ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਸੂਚੀ ਜਾਰੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਵਾਰ ਹਰ ਵਾਰਡ ਵਿੱਚ ਜਿੱਤ ਹਾਸਲ ਕਰੇਗੀ।

ਨਾਜਰ ਸਿੰਘ ਨੇ ਇਹ ਵੀ ਕਿਹਾ ਕਿ ਸਿਆਸੀ ਪਾਰਟੀਆਂ ਵਾਂਗ ਸਾਡੀ ਪਾਰਟੀ ਚੋਣਾਂ ਦੌਰਾਨ ਕਿਸੇ ਵੀ ਕਿਸਮ ਦਾ ਨਸ਼ਾ ਵੰਡ ਕੇ ਵੋਟਾਂ ਨਹੀਂ ਮੰਗੇਗੀ।

ਆਮ ਆਦਮੀ ਪਾਰਟੀ ਦੇ ਪਟਿਆਲਾ ਦੇ ਪ੍ਰਧਾਨ ਡਾਕਟਰ ਬਲਬੀਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੈਪਟਨ ਸਾਹਿਬ ਨੂੰ ਪਹਾੜਾਂ ਵਿੱਚ ਸੈਰ ਕਰਨ ਤੋਂ ਸਮਾਂ ਨਹੀਂ ਅਤੇ ਉਨ੍ਹਾਂ ਦਾ ਪੰਜਾਬ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਹੈ ਅਤੇ ਖਾਸ ਕਰ ਪਟਿਆਲਾ ਜੋ ਵਿਕਾਸ ਪੱਖੋਂ ਬੁਰੇ ਹਾਲਤਾਂ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਟੁੱਟੀਆਂ ਸੜਕਾਂ ਤੋਂ ਪ੍ਰੇਸ਼ਾਨ ਨੇ ਪਰ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਐਸ਼ੋ ਅਰਾਮ ਤੋਂ ਫੁਰਸਤ ਨਹੀਂ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਨਿਗਮ ਚੋਣਾਂ ਲਈ 17 ਦਸੰਬਰ ਦਾ ਦਿਨ ਐਲਾਨਿਆ ਗਿਆ ਹੈ। ਹੋਰਨਾਂ ਸਿਆਸੀ ਪਾਰਟੀਆਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੇ ਨਾਂਅ ਐਲਾਨ ਦਿੱਤੇ ਹਨ। ਪਟਿਆਲਾ ਵਿੱਚ ਕੁੱਲ 60 ਵਾਰਡਾਂ 'ਤੇ ਇਹ ਚੋਣਾਂ ਹੋਣੀਆਂ ਹਨ ਤੇ ਆਪ ਨੇ 29 ਵਾਰਡਾਂ ਵਿੱਚ ਆਪਣੇ ਉਮੀਦਵਾਰ ਉਤਾਰ ਦਿੱਤੇ ਹਨ।