Punjab News: ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਮੀਡੀਆ ਨਾਲ ਰਾਬਤਾ ਕਰਦਿਆਂ ਵੱਡੇ ਖ਼ੁਲਾਸੇ ਕੀਤੇ ਹਨ। ਮਜੀਠੀਆ ਨੇ ਸੁਖਬੀਰ ਬਾਦਲ ਦੇ ਹਮਲੇ ਵਿੱਚ ਕਈ ਲੋਕਾਂ ਦੀ ਸ਼ਮੂਲੀਅਤ ਦਾ ਖ਼ਦਸ਼ਾ ਜ਼ਾਹਰ ਕੀਤਾ ਹੈ। ਮਜੀਠੀਆ ਨੇ ਪੰਜਾਬ ਪੁਲਿਸ ਵੱਲੋਂ ਲਿਖੀ ਗਈ FIR ਉੱਤੇ ਵੀ ਸਵਾਲ ਖੜ੍ਹੇ ਕੀਤੇ ਹਨ



ਇਸ ਮੌਕੇ ਮਜੀਠੀਆ ਨੇ ਨਰਾਇਣ ਸਿੰਘ ਚੌੜਾ ਦੇ ਸਾਥੀ ਬਾਬਾ ਧਰਮਾ (ਧਰਮ ਸਿੰਘ) ਦਾ ਵੀ ਜ਼ਿਕਰ ਕੀਤਾ। ਧਰਮ ਸਿੰਘ ਵੀ ਅੱਤਵਾਦੀਆ ਗਤੀਵਿਧੀਆਂ ਵਿੱਚ ਸ਼ਾਮਲ ਸੀ। ਇਸ ਮੌਕੇ ਮਜੀਠੀਆ ਨੇ ਦੱਸਿਆ ਕਿ ਇਸ ਮੌਕੇ ਚੌੜਾ ਤੇ ਧਰਮ ਸਿੰਘ ਦੇ ਨਾਲ ਇੱਕ ਹੋਰ ਵਿਅਕਤੀ ਵੀ ਸ਼ਾਮਲ ਸੀ ਜਿਸ ਦੀ ਉਨ੍ਹਾਂ ਨੇ ਵੀਡੀਓ ਵੀ ਸਾਂਝੀ ਕੀਤੀ ਹੈ।


ਇਸ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ 3 ਦਸੰਬਰ ਨੂੰ ਨਰਾਇਣ ਸਿੰਘ ਚੌੜਾ ਤੇ ਧਰਮ ਸਿੰਘ ਸੁਖਬੀਰ ਬਾਦਲ ਦੇ ਪਿੱਛੇ-ਪਿੱਛੇ ਚੱਲ ਰਹੇ ਹਨ। ਇਸ ਤੋਂ ਇਲਾਵਾ ਜਿੱਥੇ ਮਜੀਠੀਆ ਵੱਲੋਂ ਭਾਂਡਿਆ ਦੀ ਸੇਵਾ ਕੀਤੀ ਜਾ ਰਹੀ ਸੀ ਇਸ ਵੇਲੇ ਵੀ ਨਰਾਇਣ ਚੌੜਾ ਤੇ ਧਰਮ ਸਿੰਘ ਉੱਥੇ ਵੀ ਮੌਜੂਦ ਸਨ।


ਇੱਕ ਹੋਰ ਵੀਡੀਓ ਵਿੱਚ ਦੇਖਿਆ ਗਿਆ ਕਿ ਨਰਾਇਣ ਚੌੜਾ ਤੇ ਧਰਮ ਸਿੰਘ ਇੱਕ ਹੋਰ ਅਣਪਛਾਤੇ ਵਿਅਕਤੀ ਨੂੰ ਮਿਲਦੇ ਹਨ ਤੇ ਉਸ ਨਾਲ ਕਾਫੀ ਸਮਾਂ ਗੱਲਾਂ ਮਾਰਦੇ ਹਨ ਤੇ ਅਖੀਰ ਵਿੱਚ ਇਹ ਤਿੰਨੋਂ ਬਾਹਰ ਆਉਂਦੇ ਨੇ ਤੇ ਗੱਲਾਂ ਮਾਰਦੇ ਹਨ। ਇਸ ਤੋਂ ਬਾਅਦ ਉਹ ਮੋਟਰਸਾਇਕਲ ਉੱਤੇ ਸਵਾਰ ਹੋ ਚਲੇ ਜਾਂਦੇ ਹਨ।


ਮਜੀਠੀਆ ਨੇ ਕਿਹਾ ਕਿ ਇੱਕ ਜ਼ੈੱਡ ਪਲੱਸ ਸੁਰੱਖਿਆ ਵਾਲੇ ਵਿਅਕਤੀ ਕੋਲ ਇੱਕ ISI ਏਜੰਟ ਨੂੰ ਆਉਣ ਦੇਣਾ ਪੁਲਿਸ ਦਾ ਨਾਕਾਮੀ ਹੈ। ਮਜੀਠੀਆ ਨੇ ਕਿਹਾ ਕਿ ਨਰਾਇਣ ਸਿੰਘ ਚੌੜਾ ਨੇ ਪੁਰਾਣੀ ਪੁੱਛਗਿੱਛ ਵਿੱਚ ਮੰਨਿਆ ਸੀ ਕਿ ਜੇ ਮਨੁੱਖੀ ਬੰਬ ਬਣਨਾ ਪਿਆ ਤਾਂ ਉਹ ਪਿੱਛੇ ਨਹੀਂ ਹਟੇਗਾ, ਜੇ ਇਸ ਦਿਨ ਚੌੜਾ ਕੋਲ ਬੰਬ ਹੁੰਦਾ ਤਾਂ ਉੱਥੇ ਬਹੁਤ ਜਾਨੀ ਨੁਕਸਾਨ ਹੋਣਾ ਸੀ। 


ਮਜੀਠੀਆ ਨੇ ਕਿਹਾ ਕਿ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਚੱਲ ਰਹੀ ਹੈ ਕਿ ਜਿਨ੍ਹਾਂ ਬੰਦੀ ਸਿੰਘਾਂ ਨੂੰ 30 ਸਾਲ ਹੋ ਗਏ ਨੇ ਉਨ੍ਹਾਂ ਨੂੰ ਕਿਤੇ ਜ਼ਮਾਨਤ ਨਾ ਮਿਲ ਜਾਵੇ। ਨਰਾਇਣ ਸਿੰਘ ਚੌੜਾ ਵੱਲੋਂ ਕੀਤਾ ਗਿਆ ਹਮਲਾ ਗੁਰੂਘਰ ਦੀ ਮਰਿਆਦਾ ਉੱਤੇ ਹਮਲਾ ਹੈ। ਇਸ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿੱਚ ਵੱਡੀ ਰੁਕਾਵਟ ਖੜ੍ਹੀ ਕਰ ਦਿੱਤੀ ਹੈ।