ਚੰਡੀਗੜ੍ਹ: ਸਾਲ 2015 ਵਿੱਚ ਵਾਪਰੇ ਬੇਅਦਬੀ ਤੇ ਗੋਲ਼ੀਕਾਂਡ ਦੇ ਮਾਮਲਿਆਂ ਦਾ ਇਨਸਾਫ ਮਿਲੇਗਾ, ਇਹ ਸਵਾਲ ਅੱਜਕੱਲ੍ਹ ਪੰਜਾਬ 'ਚ ਹਰ ਥਾਂ ਗੂੰਜ ਰਿਹਾ ਹੈ। ਚਾਰ ਸਾਲ ਪਹਿਲਾਂ ਵਾਪਰੀਆਂ ਇਨ੍ਹਾਂ ਘਟਨਾਵਾਂ ਨੂੰ ਕਈ ਵਾਰ ਜਾਂਚ ਦੇ ਘੇਰੇ ਵਿੱਚੋਂ ਲੰਘਾਇਆ ਗਿਆ ਹੈ, ਪਰ ਸੱਚ ਸਾਹਮਣੇ ਕਿਸੇ ਨੇ ਵੀ ਨਹੀਂ ਲਿਆਂਦਾ। ਪਰ ਕੀ ਕੈਪਟਨ ਸਰਕਾਰ ਤੇ ਸਰਕਾਰ ਵੱਲੋਂ ਗਠਿਤ ਕੀਤੀ ਐਸਆਈਟੀ ਇਸ ਗੰਭੀਰ ਮਸਲੇ ਦੀ ਜਾਂਚ ਬਾਰੇ ਸੰਜੀਦਾ ਹੈ ਕਿ ਨਹੀਂ, ਇਹ ਵੱਡਾ ਸਵਾਲ ਬਣਿਆ ਹੋਇਆ ਹੈ।
ਦਰਅਸਲ, ਬੀਤੇ ਦਿਨੀਂ ਅਦਾਲਤ ਵਿੱਚ ਕੋਟਕਪੂਰਾ ਗੋਲ਼ੀਕਾਂਡ ਸਬੰਧੀ ਐਸਆਈਟੀ ਵੱਲੋਂ ਦੋਸ਼ ਪੱਤਰ ਦਾਇਰ ਕਰ ਦਿੱਤਾ ਗਿਆ, ਜਿਸ ਵਿੱਚ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਬਰਾੜ ਸਮੇਤ ਪੰਜ ਪੁਲਿਸ ਅਫ਼ਸਰਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਪਰ ਇਸ ਦੋਸ਼ ਪੱਤਰ ਦੇ ਦਾਇਰ ਹੋਣ ਤੋਂ ਕੁਝ ਹੀ ਦਿਨ ਬਾਅਦ ਐਸਆਈਟੀ ਮੁਖੀ ਏਡੀਜੀਪੀ ਪ੍ਰਬੋਧ ਕੁਮਾਰ ਨੇ ਟੀਮ ਨੂੰ ਇਸ ਤੋਂ ਵੱਖ ਕਰ ਲਿਆ ਤੇ ਚਾਰਜਸ਼ੀਟ ਨੂੰ ਸਿਰਫ ਕੁੰਵਰ ਵਿਜੇ ਪ੍ਰਤਾਪ ਦੀ ਜ਼ਿੰਮੇਵਾਰੀ ਦੱਸਿਆ। ਇਸ ਤੋਂ ਪਹਿਲਾਂ ਚਾਰਜਸ਼ੀਟ 'ਤੇ ਆਈਜੀ ਕੁੰਵਰ ਵਿਜੇ ਪ੍ਰਤਾਪ ਦੇ ਉਸ ਸਮੇਂ ਦੇ ਦਸਤਖ਼ਤ ਹੋਣਾ ਜਦ ਉਹ ਚੋਣ ਕਮਿਸ਼ਨ ਦੇ ਹੁਕਮਾਂ 'ਤੇ ਜਾਂਚ ਟੀਮ ਦਾ ਹਿੱਸਾ ਹੀ ਨਹੀਂ ਸਨ ਅਤੇ ਦੋਸ਼ ਪੱਤਰ ਨੂੰ ਸਿਰਫ ਦੋ ਮੈਂਬਰਾਂ ਵੱਲੋਂ ਤਸਦੀਕ ਕਰਨ ਕਾਰਨ ਕਾਫੀ ਸਵਾਲ ਉੱਠੇ ਸਨ।
ਪਹਿਲੀ ਜੂਨ, 2015 ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋ ਗਈ। ਪਿੰਡ ਵਾਲਿਆਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਾ ਹੋਈ। 12 ਅਕਤੂਬਰ, 2015 ਨੂੰ ਬਰਗਾੜੀ ਪਿੰਡ ਦੀਆਂ ਗਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਹੋਏ ਮਿਲੇ। ਇਸ ਮਗਰੋਂ ਸਿੱਖ ਰੋਹ ਵਿੱਚ ਆ ਗਏ ਤੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਲਾਏ ਧਰਨਿਆਂ 'ਤੇ ਪੁਲਿਸ ਨੇ ਚੜ੍ਹਾਈ ਕਰ ਦਿੱਤੀ ਤੇ 14 ਅਕਤੂਬਰ ਨੂੰ ਬਹਿਬਲ ਕਲਾਂ ਵਿੱਚ ਦੋ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਕਈ ਲੋਕ ਜ਼ਖ਼ਮੀ ਵੀ ਹੋਏ ਸਨ।
ਤੁਹਾਨੂੰ ਦੱਸ ਦੇਈਏ ਕਿ ਐਸਆਈਟੀ ਤੋਂ ਪਹਿਲਾਂ ਬੇਅਦਬੀ ਤੇ ਗੋਲ਼ੀਕਾਂਡ ਦੀ ਜਾਂਚ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਤੇ ਜਸਟਿਸ (ਸੇਵਾਮੁਕਤ) ਜ਼ੋਰਾ ਸਿੰਘ ਕਮਿਸ਼ਨ ਵੀ ਕਰ ਚੁੱਕੇ ਹਨ। ਇਸ ਦੇ ਨਾਲ ਹੀ ਬੇਅਦਬੀ ਦੇ ਕੁਝ ਮਾਮਲੇ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਐਸਆਈਟੀ ਤੇ ਕਈ ਮਾਮਲਿਆਂ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ ਪਰ ਕੈਪਟਨ ਸਰਕਾਰ ਵੱਲੋਂ ਗਠਿਤ ਐਸਆਈਟੀ ਦੀ ਕਾਰਜਸ਼ੈਲੀ ਕਈ ਵਾਰ ਸਵਾਲਾਂ ਦੇ ਘੇਰੇ ਵਿੱਚ ਆ ਚੁੱਕੀ ਹੈ।
ਇਸ ਤੋਂ ਇਲਾਵਾ ਕੈਪਟਨ ਸਰਕਾਰ ਦੇ ਮੰਤਰੀ ਤੇ ਹੋਰ ਨੇਤਾ ਵੀ ਬੇਅਦਬੀ ਮਾਮਲਿਆਂ ਅਤੇ ਇਸ ਦੇ ਦੋਸ਼ੀਆਂ 'ਤੇ ਕਾਰਵਾਈ ਨੂੰ ਜ਼ੋਰ ਸ਼ੋਰ ਨਾਲ ਪ੍ਰਚਾਰ ਕੇ ਮਾਮਲੇ ਦੀ ਗੰਭੀਰਤਾ ਨੂੰ ਫਿੱਕਾ ਕਰ ਰਹੇ ਹਨ। ਦੋ ਸਰਕਾਰਾਂ, ਕਈ ਜਾਂਚ ਟੀਮਾਂ ਤੇ ਜੁਡੀਸ਼ੀਅਲ ਜਾਂਚ ਦੇ ਬਾਵਜੂਦ ਹਾਲੇ ਤਕ ਬੇਅਦਬੀ ਕਰਨ ਵਾਲੇ ਅਤੇ ਪ੍ਰਦਰਸ਼ਨਕਾਰੀ ਸਿੱਖਾਂ 'ਤੇ ਗੋਲ਼ੀ ਚਲਾਉਣ ਵਾਲੇ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਸਾਹਮਣੇ ਲਿਆਉਣ ਵਿੱਚ ਬਹੁਤੀ ਸਫਲਤਾ ਮਿਲਦੀ ਦਿਖਾਈ ਨਹੀਂ ਦੇ ਰਹੇਗੀ।
ਬੇਅਦਬੀ ਤੇ ਗੋਲ਼ੀਕਾਂਡ ਦਾ ਸਿਰਫ ਕਾਗ਼ਜ਼ਾਂ 'ਚ ਹੀ ਇਨਸਾਫ਼, ਜਾਂਚ ਦੇ ਚੱਕਰਵਿਊ 'ਚ ਰੁਲਿਆ ਸੱਚ
ਏਬੀਪੀ ਸਾਂਝਾ
Updated at:
02 Jun 2019 12:24 PM (IST)
ਐਸਆਈਟੀ ਤੋਂ ਪਹਿਲਾਂ ਬੇਅਦਬੀ ਤੇ ਗੋਲ਼ੀਕਾਂਡ ਦੀ ਜਾਂਚ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਤੇ ਜਸਟਿਸ (ਸੇਵਾਮੁਕਤ) ਜ਼ੋਰਾ ਸਿੰਘ ਕਮਿਸ਼ਨ ਵੀ ਕਰ ਚੁੱਕੇ ਹਨ। ਇਸ ਦੇ ਨਾਲ ਹੀ ਬੇਅਦਬੀ ਦੇ ਕੁਝ ਮਾਮਲੇ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਐਸਆਈਟੀ ਤੇ ਕਈ ਮਾਮਲਿਆਂ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ
- - - - - - - - - Advertisement - - - - - - - - -