ਬਟਾਲਾ: ਦੋ ਨੌਜਵਾਨਾਂ ਦੀ ਮੌਤ ਤੋਂ ਬਾਅਦ ਡੇਰਾ ਬਾਬਾ ਨਾਨਕ ਵਿੱਚ ਕਰਫਿਊ ਵਰਗੇ ਹਾਲਾਤ ਹੋ ਗਏ ਹਨ। ਮੰਗਲਵਾਰ ਨੂੰ ਤੋੜਭੰਨ੍ਹ ਤੇ ਅੱਗਜ਼ਨੀ ਦੀਆਂ ਘਟਨਾਵਾਂ ਕਰਕੇ ਹਾਲਾਤ ਤਣਾਅਪੂਰਨ ਹੋ ਗਏ ਸਨ। ਇਸੇ ਮਾਹੌਲ ਦੌਰਾਨ ਅੱਜ ਦੋਹਾਂ ਨੌਜਵਾਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅੱਜ ਬਾਜ਼ਾਰ ਬੰਦ ਰਹੇ ਤੇ ਹਰ ਥਾਂ 'ਤੇ ਪੁਲਿਸ ਤਾਇਨਾਤ ਹੈ। ਪੁਲਿਸ ਨੇ ਦੋਹਾਂ ਨੌਜਵਾਨਾਂ ਦੀ ਮੌਤ ਵਾਲੇ ਮਾਮਲੇ 'ਚ ਕੁੱਲ ਨੌਂ ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।


ਡੇਰਾ ਬਾਬਾ ਨਾਨਕ ਦੇ ਉਪ ਪੁਲਿਸ ਕਪਤਾਨ ਦੀਪਕ ਰਾਏ ਨੇ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ 'ਤੇ ਡਰਾਈਵਰ ਬਿੱਲਾ, ਠੇਕਿਆਂ ਦੇ ਇੰਚਾਰਜ ਨਿਰਮਲ ਸਿੰਘ ਰੰਧਾਵਾ, ਜਗਤਾਰ ਸਿੰਘ, ਅਮਨ ਤੇ ਸੁਰਜੀਤ ਸਿੰਘ ਤੋਂ ਇਲਾਵਾ ਚਾਰ ਅਣਪਛਾਤੇ ਲੋਕਾਂ ਵਿਰੁੱਧ ਧਾਰਾ 302, 427, 148 ਤੇ 149 ਤਹਿਤ ਕੇਸ ਦਰਜ ਕਰ ਲਿਆ ਹੈ।

ਬੀਤੇ ਕੱਲ੍ਹ ਸ਼ਹਿਰ ਦੇ ਸ਼ਰਾਬ ਠੇਕੇਦਾਰ ਦੀ ਜੀਪ ਹੇਠ ਆ ਕੇ ਸੰਜੀਵ ਕੁਮਾਰ ਤੇ ਸੁਬੇਗ ਸਿੰਘ ਨਾਂ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ। ਲੋਕਾਂ ਵੱਲੋਂ ਠੇਕੇਦਾਰ 'ਤੇ ਇਸ ਹਾਦਸੇ ਨੂੰ ਜਾਣਬੁੱਝ ਕੇ ਇਲਜ਼ਾਮ ਲਾਏ ਸਨ ਤੇ ਠੇਕੇਦਾਰ ਦੇ ਵਾਹਨਾਂ ਸਾੜ ਦਿੱਤਾ ਗਿਆ ਤੇ ਦੋ ਠੇਕਿਆਂ ਦੀ ਭੰਨ ਤੋੜ ਕੀਤੀ ਗਈ ਸੀ।