ਚੰਡੀਗੜ੍ਹ: "ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਬੀਜੇਪੀ ਪ੍ਰਧਾਨ ਵਿਜੇ ਸਾਂਪਲਾ ਝੂਠ ਬੋਲਦੇ ਹਨ। ਉਨ੍ਹਾਂ ਨੇ ਰਾਜਪਾਲ ਨੂੰ ਬੇਅਦਬੀ ਬਾਰੇ ਮੰਗ ਪੱਤਰ ਦੇ ਕੇ ਲਿਖਤੀ ਝੂਠ ਬੋਲਿਆ ਹੈ। ਸੁਖਬੀਰ ਬਾਦਲ ਤੇ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਿੱਛੇ ਡੂੰਘੀ ਵਿਦੇਸ਼ੀ ਸਾਜਿਸ਼ ਹੈ ਜਦੋਂ ਮੇਰਾ ਮੰਨਣਾ ਹੈ ਬੇਅਦਬੀ ਦੇ ਕਾਰਨ ਸਥਾਨਕ ਹਨ, ਵਿਦੇਸ਼ੀ ਬਿਲਕੁਲ ਵੀ ਨਹੀਂ ਹਨ।" ਇਹ ਗੱਲ ਜਾਂਚ ਕਮਿਸ਼ਨ ਦੇ ਮੁਖੀ ਜਸਟਿਸ ਮਹਿਤਾਬ ਸਿੰਘ ਗਿੱਲ ਨੇ 'ਏਬੀਪੀ ਸਾਂਝਾ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਹੀ ਹੈ।


 

ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਲੀਡਰਾਂ ਨੇ ਰਾਜਪਾਲ ਨੂੰ ਮੰਗ ਪੱਤਰ ਦੇ ਕੇ ਕਿਹਾ ਸੀ ਕਿ ਬੇਅਦਬੀ ਕਾਂਡ ਪਿੱਛੇ ਡੂੰਘੀ ਵਿਦੇਸ਼ੀ ਸਾਜਿਸ਼ ਹੈ। ਜੇ ਇਹ ਸੱਚ ਸੀ ਤਾਂ ਗ੍ਰਹਿ ਮੰਤਰੀ ਹੁੰਦਿਆਂ ਸੁਖਬੀਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਕਿਉਂ ਨਹੀਂ ਦੱਸਿਆ ਕਿ ਇਹ ਵਿਦੇਸ਼ੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਵਿਜੇ ਸਾਂਪਲਾ ਕੇਂਦਰ ਵਿੱਚ ਮੰਤਰੀ ਬਣ ਕੇ ਕੀ ਕਰ ਰਹੇ ਹਨ। ਉਨ੍ਹਾਂ ਦੀ ਆਪਣੀ ਸਰਕਾਰ ਹੈ ਤੇ ਉਹ ਵਿਦੇਸ਼ੀ ਤਾਕਤ ਦਾ ਖੁਲਾਸਾ ਕਿਉਂ ਨਹੀਂ ਕਰਵਾ ਰਹੇ।

ਮਹਿਤਾਬ ਗਿੱਲ ਨੇ ਕਿਹਾ ਕਿ ਹੁਣ ਤੱਕ ਜਾਂਚ ਕਮਿਸ਼ਨ ਕੋਲ ਸਭ ਤੋਂ ਵੱਧ ਸ਼ਿਕਾਇਤਾਂ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਤੇ ਸੁੱਚਾ ਸਿੰਘ ਲੰਗਾਹ ਖ਼ਿਲਾਫ਼ ਆਈਆਂ ਹਨ। ਇਨ੍ਹਾਂ ਦੋਵਾਂ ਲੀਡਰਾਂ ਖਿਲਾਫ ਝੂਠੇ ਪਰਚੇ ਕਰਵਾਉਣ ਦੀਆਂ ਸ਼ਿਕਾਇਤਾਂ ਹਨ। ਵਲਟੋਹਾ ਖਿਲਾਫ ਤਾਂ ਉਨ੍ਹਾਂ ਦੇ ਪਿੰਡੋਂ ਵੀ ਸ਼ਿਕਾਇਤਾਂ ਆਈਆਂ ਹਨ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਇਨ੍ਹਾਂ ਸ਼ਿਕਾਇਤਾਂ ਦਾ ਨਿਬੇੜਾ ਕਰਨਗੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਿਪੋਰਟ ਸੌਂਪ ਦੇਣਗੇ।

ਉਨ੍ਹਾਂ ਕਿਹਾ ਕਿ ਅਮਰਪਾਲ ਬੋਨੀ ਵਾਲੀ ਸ਼ਿਕਾਇਤ ਵਿੱਚ ਅਜੇ ਹਾਈਕੋਰਟ ਕੇਸ ਚੱਲ ਰਿਹਾ ਹੈ। ਹਾਈਕੋਰਟ ਵਿੱਚ ਕੇਸ ਮੁੱਕਣ ਤੋਂ ਬਾਅਦ ਹੀ ਕੁਝ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, "ਅਕਾਲੀਆਂ ਨੇ ਕਿਹਾ ਕਿ ਮੈਂ ਮੋਗਾ ਜ਼ਿਮਨੀ ਚੋਣ ਸਮੇਂ ਕਾਂਗਰਸ ਨੂੰ ਘਰ ਕਿਰਾਏ ਉੱਤੇ ਦਿੱਤਾ ਤੇ ਪੁੱਛਣਾ ਚਹੁੰਦਾ ਹਾਂ ਕਿ ਘਰ ਕਿਰਾਏ 'ਤੇ ਦੇਣਾ ਗੁਨਾਹ ਹੈ। ਮੇਰੇ ਤੋਂ ਭਾਵੇ ਅਕਾਲੀ ਲੈ ਲੈਂਦੇ।" ਉਨ੍ਹਾਂ ਕਿਹਾ, "ਮੇਰਾ ਬੇਟਾ AG ਦਫਤਰ ਵਿੱਚ ਮੈਰਿਟ ਉੱਤੇ ਲੱਗਿਆ ਹੈ। ਮੈਂ ਬਿਲਕੁਲ ਨਿਰਪੱਖ ਤਰੀਕੇ ਨਾਲ ਕੰਮ ਕਰ ਰਿਹਾ ਹਾਂ।"