ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਫਟਕਾਰ ਮਗਰੋਂ ਪੰਚਕੂਲਾ ਪੁਲਿਸ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਖਾਸ-ਮ-ਖਾਸ ਡਾ. ਆਦਿੱਤਿਆ ਇੰਸਾ ਦੇ ਸਿਰ ਇਨਾਮੀ ਰਾਸ਼ੀ ਦੋ ਲੱਖ ਤੋਂ ਵਧਾ ਕੇ ਪੰਜ ਲੱਖ ਕਰ ਦਿੱਤੀ ਹੈ। ਪੰਚਕੂਲਾ ਵਿੱਚ 25 ਅਗਸਤ ਨੂੰ ਦੰਗੇ ਭੜਕਾਉਣ ਦੇ ਮਾਮਲੇ ਵਿੱਚ ਪੁਲਿਸ ਦੀ ਤਫਤੀਸ਼ ਵਿੱਚ ਆਦਿੱਤਿਆ ਇੰਸਾ ਮੁੱਖ ਮੁਲਾਜ਼ਮ ਵਜੋਂ ਗਿਣਿਆ ਗਿਆ ਹੈ। ਡੇਰੇ ਦੀ 45 ਮੈਂਬਰੀ ਕਮੇਟੀ ਵਿੱਚੋਂ ਹੁਣ ਤੱਕ ਪੁਲਿਸ ਨੇ 25 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ।


ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮੰਗਲਵਾਰ ਹਰਿਆਣਾ ਪੁਲਿਸ ਨੂੰ ਫਟਕਾਰ ਲਾਉਂਦੇ ਕਿਹਾ ਕਿ ਜੇਕਰ ਉਹ ਰਹਿੰਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦੇ ਤਾਂ ਪੰਜਾਬ ਪੁਲਿਸ ਨੂੰ ਇਸ ਦਾ ਜ਼ਿੰਮਾ ਸੌਂਪਿਆ ਜਾਵੇ। ਫਟਕਾਰ ਲੱਗਣ ਤੋਂ ਤੁਰੰਤ ਮਗਰੋਂ ਹਰਿਆਣਾ ਪੁਲਿਸ ਨੇ ਇਨਾਮ ਦੀ ਰਾਸ਼ੀ ਵਿੱਚ ਵਾਧਾ ਕਰ ਦਿੱਤਾ। ਇਸ ਦੀ ਪੁਸ਼ਟੀ ਕਰਦੇ ਹੋਏ ਪੰਚਕੂਲਾ ਦੇ ਪੁਲਿਸ ਕਮਿਸ਼ਨਰ ਏ.ਐਸ. ਚਾਵਲਾ ਨੇ ਕਿਹਾ ਕਿ ਜੋ ਵੀ ਆਦਿਤਿਆ ਇੰਸਾ ਬਾਰੇ ਕੋਈ ਪੁਖਤਾ ਜਾਣਕਾਰੀ ਦੇਵੇਗਾ, ਉਸ ਨੂੰ ਪੰਜ ਲੱਖ ਰੁਪਏ ਇਨਾਮ ਦਿੱਤਾ ਜਾਵੇਗਾ।

ਇਸ ਦੇ ਨਾਲ ਹੀ ਪੁਲਿਸ ਨੇ ਚਾਰ ਹੋਰ ਮੁਲਜ਼ਮਾਂ ਦੀ ਪੁਖਤਾ ਜਾਣਕਾਰੀ ਦੇਣ ਵਾਲੇ ਨੂੰ 50-50 ਹਾਜ਼ਰ ਦੇ ਇਨਾਮ ਦਾ ਐਲਾਨ ਕੀਤਾ ਸੀ। ਪੁਲਿਸ ਆਦਿਤਿਆ ਇੰਸਾ ਤੇ ਹੋਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਤਾਂ ਕਰ ਰਹੀ ਹੈ ਪਰ ਕੋਈ ਸਫਲਤਾ ਹਾਸਲ ਨਹੀਂ ਕਰ ਸਕੀ। ਹਾਲਾਂਕਿ ਆਦਿਤਿਆ ਇੰਸਾ ਪੰਚਕੂਲਾ ਵਿੱਚ ਹੋਏ ਦੰਗਿਆਂ ਨੂੰ ਭੜਕਾਉਣ ਦਾ ਮਾਸਟਰ ਮਾਈਂਡ ਸੀ। ਉਹ 17 ਅਗਸਤ ਨੂੰ ਵਿੱਚ ਰਚੀ ਦੰਗਿਆਂ ਦੀ ਸਾਜਿਸ਼ ਦਾ ਵੀ ਅਹਿਮ ਸੂਤਰਧਾਰ ਸੀ। ਪੰਚਕੂਲਾ ਪੁਲਿਸ ਵੱਲੋਂ ਲੁੱਕ ਆਊਟ ਨੋਟਿਸ ਜਾਰੀ ਕਰਨ ਤੋਂ ਬਾਅਦ ਲਗਾਤਾਰ ਛਾਪੇਮਾਰੀ ਚੱਲ ਰਹੀ ਪਰ ਆਦਿਤਿਆ ਹਾਲੇ ਤੱਕ ਪੁਲਿਸ ਦੇ ਸ਼ਿਕੰਜੇ ਵਿੱਚ ਨਹੀਂ ਆਇਆ।