ਲੁਧਿਆਣਾ: ਸ਼ਹਿਰ ਵਿੱਚ ਉਸ ਸਮੇਂ ਹਾਲਤ ਕਾਫੀ ਤਣਾਅਪੂਰਨ ਬਣ ਗਈ ਜਦੋਂ ਇੱਕ ਔਰਤ ਨੇ ਇੱਕ ਵਿਅਕਤੀ 'ਤੇ ਉਸ ਨਾਲ ਵਿਆਹੇ ਹੋਣ ਦੇ ਬਾਵਜੂਦ ਬਗ਼ੈਰ ਤਲਾਕ ਲਏ ਦੂਜਾ ਵਿਆਹ ਕਰਵਾਉਣ ਦਾ ਇਲਜ਼ਾਮ ਲਾਇਆ। ਔਰਤ ਨੇ ਆਪਣੇ ਪਰਿਵਾਰ ਨਾਲ ਉਸ ਵਿਅਕਤੀ ਦੇ ਘਰ ਬਾਹਰ ਹੰਗਾਮਾ ਕੀਤਾ ਤੇ ਉਸ ਨਾਲ ਤੇ ਉਸ ਦੇ ਘਰ ਰਹਿਣ ਵਾਲਿਆਂ ਨਾਲ ਕੁੱਟਮਾਰ ਵੀ ਹੋਈ। ਇਸੇ ਦੌਰਾਨ ਕੁੱਟ ਖਾਣ ਵਾਲੇ ਵਿਅਕਤੀ ਨੇ ਘਰ ਅੰਦਰੋਂ ਚਾਕੂ ਲਿਆ ਕੇ ਸਾਰਿਆਂ ਨੂੰ ਦੂਰ ਭਜਾਇਆ।
ਲੁਧਿਆਣਾ ਦੀ ਰਹਿਣ ਵਾਲੀ ਤਮੰਨਾ ਸੋਨੀ ਨਾਂ ਦੀ ਔਰਤ ਨੇ ਕਿਹਾ ਕਿ ਕਿਰਨਜੀਤ ਸਿੰਘ ਨਾਂ ਦੇ ਕਾਰੋਬਾਰੀ ਨਾਲ ਨੌਂ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਉਸ ਨੇ ਦੱਸਿਆ ਕਿ ਢਾਈ ਸਾਲ ਬਾਅਦ ਉਨ੍ਹਾਂ ਦੇ ਘਰ ਕਲੇਸ਼ ਰਹਿਣ ਲੱਗਾ ਤੇ ਸਹੁਰਿਆਂ ਨੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਸੋਨੀ ਨੇ ਦੱਸਿਆ ਕਿ ਉਸ ਦੇ ਬੱਚਾ ਨਾ ਹੋਣ ਕਾਰਨ ਹਰ ਕੋਈ ਉਸ ਨੂੰ ਮਾੜਾ ਸਮਝਦਾ ਸੀ ਤੇ ਇਸ ਲਈ ਉਹ ਪੇਕੇ ਚਲੀ ਗਈ।
ਤਮੰਨਾ ਨੇ ਇਲਜ਼ਾਮ ਲਾਏ ਕਿ ਉਸ ਦੇ ਜਾਣ ਤੋਂ ਬਾਅਦ ਕਿਰਨਜੀਤ ਸਿੰਘ ਨੇ ਇੱਕ ਮਾਡਲ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਤੇ ਉਹ ਉਸ ਦੇ ਬੱਚੇ ਦੀ ਮਾਂ ਵੀ ਬਣਨ ਵਾਲੀ ਹੈ। ਉਸ ਨੇ ਕਿਹਾ ਕਿ ਅੱਜ ਉਸ ਦੇ ਪਤੀ ਨੇ ਚਾਕੂ ਨਾਲ ਉਸ 'ਤੇ ਹਮਲਾ ਕੀਤਾ। ਉਸ ਨੇ ਪਤੀ ਨੂੰ ਸਜ਼ਾ ਤੇ ਖ਼ੁਦ ਲਈ ਇਨਸਾਫ ਦੀ ਮੰਗ ਕੀਤੀ। ਸੋਨੀ ਨੇ ਕਿਰਨਜੀਤ ਸਿੰਘ ਨਾਲ ਵਿਆਹ ਸਮੇਤ ਹੋਰ ਵੀ ਕਈ ਤਸਵੀਰਾਂ ਦਿਖਾਈਆਂ।
ਦੂਜੇ ਪਾਸੇ ਕਿਰਨਜੀਤ ਸਿੰਘ ਨੇ ਤਮੰਨਾ ਵੱਲੋਂ ਲਾਏ ਸਾਰੇ ਦੋਸ਼ ਰੱਦ ਕਰਦਿਆਂ ਕਿਹਾ ਕਿ ਉਸ ਦੇ ਘਰ ਵਿੱਚ ਉਸ ਦੀ ਸਹਿਕਰਮੀ ਹੈ ਤੇ ਉਸ ਨਾਲ ਉਸ ਦਾ ਕੋਈ ਸਬੰਧ ਨਹੀਂ ਤੇ ਨਾ ਹੀ ਉਸ ਨੇ ਵਿਆਹ ਕੀਤਾ ਹੈ। ਉਸ ਨੇ ਮੰਨਿਆ ਕਿ ਤਮੰਨਾ ਸੋਨੀ ਨਾਲ ਉਸ ਦਾ ਵਿਆਹ ਸਾਦੇ ਢੰਗ ਨਾਲ ਹੋਇਆ ਸੀ ਪਰ ਵਿਆਹ ਤੋਂ ਇੱਕ ਮਹੀਨੇ ਬਾਅਦ ਹੀ ਉਹ ਪੇਕੇ ਘਰ ਚਲੀ ਗਈ।
ਕਿਰਨਜੀਤ ਸਿੰਘ ਮੁਤਾਬਕ ਤਮੰਨਾ ਨੇ ਆਪਣੇ ਸਹੁਰੇ ਘਰ ਨਾ ਰਹਿ ਕੇ ਵੱਖਰੇ ਮਕਾਨ ਵਿੱਚ ਰਹਿਣ ਲਈ ਮਜਬੂਰ ਕੀਤਾ, ਜਿੱਥੇ ਉਹ ਸੱਤ ਸਾਲ ਇਕੱਠੇ ਰਹੇ। ਉਸ ਨੇ ਕਿਹਾ ਕਿ ਵਿਆਹ ਤੋਂ ਬਾਅਦ ਪਹਿਲੇ ਹੀ ਸਾਲ ਉਸ ਦੀ ਪਤਨੀ ਨੇ ਮਨ੍ਹਾ ਕਰ ਦਿੱਤਾ ਸੀ, ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਉਨ੍ਹਾਂ ਦਾ ਬੱਚਾ ਸਿੱਖ ਬਣੇ ਤੇ ਉਹ ਹਿੰਦੂ ਪਰਿਵਾਰ ਨਾਲ ਸਬੰਧਤ ਹੈ। ਉਸ ਨੇ ਦੱਸਿਆ ਕਿ ਇਸ ਕਾਰਨ ਤੋਂ ਉਨ੍ਹਾਂ ਦੇ ਘਰ ਕਲੇਸ਼ ਵਧਦਾ ਗਿਆ ਤੇ ਉਹ ਉਸ ਤੋਂ ਪੈਸਿਆਂ ਦੀ ਮੰਗ ਵੀ ਕਰਨ ਲੱਗੀ।
ਕੁੱਟਮਾਰ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਮੁਲਜ਼ਮ ਪਤੀ ਤੇ ਔਰਤ ਨੂੰ ਗ੍ਰਿਫਤਾਰ ਕਰ ਲਿਆ। ਸਹਾਇਕ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋਹਾਂ ਪੱਖਾਂ ਦੇ ਬਿਆਨ ਲਏ ਗਏ ਹਨ, ਉਪਰੰਤ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।