ਮੁਹਾਲੀ: ਸਵਾ ਦੋ ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਫਸੇ ਸਾਬਕਾ ਮੰਤਰੀ ਰਾਣਾ ਗੁਰਜੀਤ ਦੇ ਭਤੀਜੇ ਰਾਣਾ ਹਰਦੀਪ ਨੂੰ ਪ੍ਰਾਈਵੇਟ ਗੱਡੀ ਰਾਹੀਂ ਅਦਾਲਤ 'ਚ ਪੇਸ਼ ਕਰਨ 'ਤੇ ਵੱਡੇ ਸਵਾਲ ਖੜ੍ਹੇ ਹੋਏ ਹਨ। ਹਾਲਾਂਕਿ, ਸ਼ਿਕਾਇਤਕਰਤਾ ਨੇ ਪੁਲਿਸ 'ਤੇ ਪਹਿਲਾਂ ਹੀ ਇਹ ਇਲਜ਼ਾਮ ਲਾਏ ਸੀ ਕਿ ਰਾਣਾ ਗੁਰਜੀਤ ਦੀ ਛੱਤਰ ਛਾਇਆ ਹੇਠ ਉਸ ਦੇ ਭਤੀਜੇ ਦੀ ਮਦਦ ਕੀਤੀ ਜਾ ਰਹੀ ਹੈ। ਹੁਣ ਪੁਲਿਸ ਦੀ ਇਸ ਹਰਕਤ ਨੂੰ ਦੇਖ ਕੇ ਉਨ੍ਹਾਂ ਵੱਲੋਂ ਲਾਏ ਇਲਜ਼ਾਮਾਂ ਦਾ ਵਜ਼ਨ ਹੋਰ ਵੀ ਵਧ ਗਿਆ ਹੈ।

ਕਾਨੂੰਨੀ ਤੌਰ 'ਤੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਹਰ ਮੁਲਜ਼ਮ ਨੂੰ ਸਰਕਾਰੀ ਗੱਡੀ ਰਾਹੀਂ ਅਦਾਲਤ 'ਚ ਪੇਸ਼ ਕੀਤਾ ਜਾਂਦਾ ਹੈ, ਪਰ ਰਾਣਾ ਹਰਦੀਪ ਨੂੰ ਪ੍ਰਾਈਵੇਟ ਕਾਰ 'ਚ ਲਿਆਉਣ ਦਾ ਕੀ ਰਾਜ਼ ਹੈ। ਰਾਣਾ ਗੁਰਜੀਤ ਨੇ ਤਾਂ ਕੈਬਨਿਟ ਮੰਤਰੀ ਦੀ ਕੁਰਸੀ ਛੱਡ ਦਿੱਤੀ ਪਰ ਹਰਦੀਪ ਨੂੰ ਹੁਣ ਵੀ ਭਤੀਜੇ ਹੋਣ 'ਤੇ ਵੀਵੀਆਈਪੀ ਟਰੀਟਮੈਂਟ ਦਿੱਤਾ ਜਾ ਰਿਹਾ ਹੈ।

ਜੇਕਰ ਪੁਲਿਸ ਉਸ ਨੂੰ ਅਦਾਲਤ ਦੀ ਪੇਸ਼ੀ ਦੌਰਾਨ VVIP ਟਰੀਟਮੈਂਟ ਦੇ ਰਹੀ ਹੈ, ਫਿਰ ਉਸ ਨੂੰ ਦੋ ਦਿਨ ਦੇ ਰਿਮਾਂਡ ਦੇ ਦੌਰਾਨ ਵੀ ਮੁਲਜ਼ਮ ਹੋਣ ਦਾ ਅਹਿਸਾਸ ਨਹੀਂ ਕਰਿਆ ਹੋਵੇਗਾ। ਸ਼ਿਕਾਇਤਕਰਤਾ ਗੁਰਚਰਨ ਸਿੰਘ ਨੇ ਗ੍ਰਿਫਤਾਰੀ ਤੋਂ ਬਾਅਦ ਰਾਣਾ ਗੁਰਜੀਤ 'ਤੇ ਇਲਜ਼ਾਮ ਲਾਏ ਸੀ ਕਿ ਉਹ ਆਪਣੇ ਭਤੀਜੇ ਦੀ ਮਦਦ ਕਰ ਰਿਹਾ ਸੀ। ਵੱਡਾ ਸਵਾਲ ਇਹ ਹੈ ਕਿ ਕੀ ਮੁੱਲਾਂਪੁਰ ਪੁਲਿਸ ਕੋਲ ਸਰਕਾਰੀ ਗੱਡੀਆਂ ਦੀ ਕਮੀ ਹੋ ਗਈ ਸੀ, ਜਾਂ ਫਿਰ ਰਾਣਾ ਹਰਦੀਪ ਵਾਸਤੇ ਉਚੇਚੇ ਤੌਰ 'ਤੇ AC ਵਾਲੀ ਗੱਡੀ ਮੰਗਾਈ ਗਈ ਸੀ।