ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿੱਚ 12 ਸਾਲਾਂ ਬਾਅਦ ਲੱਗੇ ਹੈਰੀਟੇਜ ਫੈਸਟੀਵਲ ਵਿੱਚ ਲੋਕਾਂ ਨੇ ਪ੍ਰਬੰਧਕਾਂ ਦੇ ਸਾਰੇ ਤੌਖ਼ਲੇ ਦੂਰ ਕਰ ਦਿੱਤੇ ਹਨ। ਪਟਿਆਲਾ ਸਰਸ ਮੇਲੇ ਦੌਰਾਨ ਰਿਕਾਰਡ ਤੋੜ ਖਰੀਦਦਾਰੀ ਹੋਈ ਹੈ। ਸ਼ੀਸ਼ ਮਹਿਲ ਵਿੱਚ ਚੱਲ ਰਹੇ ਖੇਤਰੀ ਸਰਸ ਮੇਲੇ ਵਿੱਚ ਕਰੀਬ 20 ਰਾਜਾਂ ਦੇ ਸ਼ਿਲਪਕਾਰਾਂ ਵੱਲੋਂ ਲਾਈਆਂ ਲਗਪਗ 200 ਸਟਾਲਾਂ ’ਤੇ ਪਿਛਲੇ ਦਸ ਦਿਨਾਂ ਵਿੱਚ ਜ਼ਬਰਦਸਤ ਖ਼ਰੀਦਦਾਰੀ ਹੋਈ ਹੈ।
ਮੇਲੇ ਦੇ ਨੋਡਲ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼ੌਕਤ ਅਹਿਮਦ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਲੁਧਿਆਣਾ ਅਤੇ ਬਠਿੰਡਾ ਵਿੱਚ ਵੀ ਸਰਸ ਮੇਲੇ ਲੱਗ ਚੁੱਕੇ ਹਨ ਤੇ ਉਨ੍ਹਾਂ ਵਿੱਚ 12 ਦਿਨਾਂ ਵਿੱਚ ਕ੍ਰਮਵਾਰ ਵਿਕਰੀ 3.13 ਕਰੋੜ ਅਤੇ 2.50 ਕਰੋੜ ਹੋਈ ਸੀ, ਪਰ ਪਟਿਆਲਾ ਵਿੱਚ ਲੱਗੇ ਸਰਸ ਮੇਲੇ ਵਿੱਚ 10 ਦਿਨਾਂ ਅੰਦਰ 3.18 ਕਰੋੜ ਦੀ ਵਿਕਰੀ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ 10 ਦਿਨਾਂ ਵਿੱਚ ਚਾਰ ਲੱਖ ਤੋਂ ਵੱਧ ਲੋਕਾਂ ਨੇ ਮੇਲੇ ਦਾ ਆਨੰਦ ਮਾਣਿਆ ਹੈ ਅਤੇ 4 ਮਾਰਚ ਤੱਕ ਇਹ ਗਿਣਤੀ 5 ਲੱਖ ਤੱਕ ਪੁੱਜਣ ਦੀ ਉਮੀਦ ਹੈ| ਸਰਕਾਰ ਨੂੰ ਫੂਡ ਸਟਾਲਾਂ ਅਤੇ ਝੂਲਿਆਂ ਦੀ ਨਿਲਾਮੀ ਤੋਂ ਤਕਰੀਬਨ 80 ਲੱਖ ਰੁਪਏ ਦੀ ਆਮਦਨ ਹੋਈ ਹੈ ਅਤੇ ਲਗਪਗ 15 ਲੱਖ ਰੁਪਏ ਟਿਕਟਾਂ ਤੋਂ ਪ੍ਰਾਪਤ ਹੋਣ ਦੀ ਆਸ ਹੈ, ਜੋ ਰਾਜਪੁਰਾ ਚਿਲਡਰਨ ਹੋਮ ਨੂੰ ਦਿੱਤੇ ਜਾਣਗੇ|
ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਸੱਭਿਆਚਾਰਕ ਪ੍ਰੋਗਰਾਮ ਅਤੇ ਸਟਾਰ ਨਾਈਟ ਦਾ ਸਿੱਧਾ ਪ੍ਰਸਾਰਨ ਕੇਬਲ ਟੀ.ਵੀ ਅਤੇ ਆਲ ਇੰਡੀਆ ਰੇਡੀਓ ਉਪਰ ਕੀਤਾ ਗਿਆ ਹੈ| ਉਨ੍ਹਾਂ ਦੱਸਿਆ ਕਿ ਮੇਲੇ ਦੀ ਹਰ ਸ਼ਾਮ ਉੱਘੇ ਕਲਾਕਾਰਾਂ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ ਤੇ ਕਈ ਨਵੇਂ ਗਾਇਕਾਂ ਨੂੰ ਵੀ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖੇਤਰੀ ਸਰਸ ਮੇਲੇ ਵਿੱਚ ਪੰਜਾਬ ਸਮੇਤ ਹੋਰ ਸੂਬਿਆਂ ਤੋਂ ਵੱਡੀ ਗਿਣਤੀ ਦਰਸ਼ਕ ਤੇ ਵਿਦੇਸ਼ੀ ਸੈਲਾਨੀ ਪੁੱਜ ਰਹੇ ਹਨ|