ਚੰਡੀਗੜ੍ਹ: ਜੰਮੂ-ਕਸ਼ਮੀਰ ਦੇ ਰਾਜੌਰੀ ਸੈਕਟਰ ਦੇ ਪੀਰ ਪੰਚਾਲ ਵਿੱਚ ਬੀਤੇ ਦਿਨ ਅਤਿਵਾਦੀਆਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋਏ ਜਵਾਨਾਂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਇਨ੍ਹਾਂ ਵਿੱਚ ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਸੈਨਾ ਮੈਡਲ, ਨਾਇਕ ਮਨਦੀਪ ਸਿੰਘ ਤੇ ਸਿਪਾਹੀ ਗੱਜਣ ਸਿੰਘ ਸ਼ਾਮਲ ਹਨ।



ਇਨ੍ਹਾਂ ਸ਼ਹੀਦਾਂ ਵਿੱਚ ਮੈਕੇਨਾਈਜ਼ਡ ਇਨਫੈਂਟਰੀ (1 ਸਿੱਖ) ਦੇ ਯੂਨਿਟ-4 ਦੇ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮਾਨਾ ਤਲਵੰਡੀ ਨਾਲ ਸਬੰਧਤ ਹਨ। 11 ਸਿੱਖ ਦੇ ਨਾਇਕ ਮਨਦੀਪ ਸਿੰਘ ਗੁਰਦਾਸਪੁਰ ਜ਼ਿਲ੍ਹੇ ਦੇ ਘਣੀਕੇ ਬਾਂਗਰ ਨੇੜਲੇ ਪਿੰਡ ਚੱਠਾ ਸ਼ੀਰਾ ਤੇ 23 ਸਿੱਖ ਦੇ ਸਿਪਾਹੀ ਗੱਜਣ ਸਿੰਘ ਰੋਪੜ ਜ਼ਿਲ੍ਹੇ ਦੇ ਪਿੰਡ ਪਛਰੰਦਾ ਨਾਲ ਸਬੰਧਤ ਹਨ।


ਪਿੰਡ ਚੱਠਾ ਦੇ ਮਨਦੀਪ ਸਿੰਘ (30) ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਮਨਦੀਪ 2011 ਵਿੱਚ ਫ਼ੌਜ ’ਚ ਭਰਤੀ ਹੋਇਆ ਸੀ ਤੇ 16 ਆਰਆਰ (ਰਾਸ਼ਟਰੀ ਰਾਈਫਲ) ’ਚ ਤਾਇਨਾਤ ਸੀ। ਲਗਪਗ 20 ਦਿਨ ਪਹਿਲਾਂ ਉਹ ਘਰ ਛੁੱਟੀ ਕੱਟ ਕੇ ਡਿਊਟੀ ’ਤੇ ਗਿਆ ਸੀ। ਉਸ ਦਾ ਵੱਡਾ ਭਰਾ ਫ਼ੌਜ ਵਿੱਚ ਹੈ ਤੇ ਛੋਟਾ ਵਿਦੇਸ਼ ਗਿਆ ਹੈ। ਸ਼ਨਿਚਰਵਾਰ ਨੂੰ ਉਸ ਨੇ ਫੋਨ ਕਰ ਕੇ ਪਤਨੀ ਤੇ ਬੱਚਿਆਂ ਦਾ ਧਿਆਨ ਰੱਖਣ ਲਈ ਕਿਹਾ ਸੀ। ਉਸ ਦਾ ਵੱਡਾ ਬੇਟਾ ਤਿੰਨ ਸਾਲ ਦਾ ਹੈ ਤੇ ਛੋਟੇ ਬੇਟੇ ਦੀ ਉਮਰ ਮਹਿਜ਼ ਢਾਈ ਮਹੀਨੇ ਹੈ।


ਭੁਲੱਥ: ਪਿੰਡ ਮਾਨਾਂ ਤਲਵੰਡੀ ਦੇ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦਾ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਸ਼ਹੀਦ ਦੇ ਭਰਾ ਸਾਬਕਾ ਫ਼ੌਜੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਹਰਭਜਨ ਸਿੰਘ ਫੌਜ ’ਚੋਂ ਆਨਰੇਰੀ ਕੈਪਟਨ ਰਿਟਾਇਰ ਹੋਏ ਸਨ। ਉਨ੍ਹਾਂ ਦਾ ਦੇਹਾਂਤ ਇਸੇ ਸਾਲ ਮਈ ਮਹੀਨੇ ਹੋਇਆ ਸੀ। ਦਿਲ ਦੇ ਰੋਗ ਤੋਂ ਪੀੜਤ ਉਸ ਦੀ ਮਾਤਾ ਹਾਲੇ ਇਸ ਸਦਮੇ ’ਚੋਂ ਹੀ ਬਾਹਰ ਨਹੀਂ ਨਿਕਲੀ ਸੀ।


ਨੂਰਪੁਰ ਬੇਦੀ: ਸ਼ਹੀਦ ਗੱਜਣ ਸਿੰਘ ਦੀ ਮ੍ਰਿਤਕ ਦੇਹ ਅੱਜ ਉਸ ਦੇ ਜੱਦੀ ਪਿੰਡ ਪੱਚਰੰਡਾ ਪਹੁੰਚੀ, ਜਿਸ ਮਗਰੋਂ ਸਰਕਾਰੀ ਸਨਮਾਨਾਂ ਨਾਲ ਉਸ ਦਾ ਸਸਕਾਰ ਕੀਤਾ ਗਿਆ। ਗੱਜਣ ਸਿੰਘ ਪੂਰੀ ਤਰ੍ਹਾਂ ਕਿਸਾਨ ਸੰਘਰਸ਼ ਨੂੰ ਸਮਰਪਿਤ ਸੀ। ਇਸ ਸਾਲ ਫਰਵਰੀ ’ਚ ਹੋਏ ਵਿਆਹ ਮੌਕੇ ਵੀ ਉਹ ਟਰੈਕਟਰ ’ਤੇ ਕਿਸਾਨੀ ਝੰਡਾ ਲਾ ਕੇ ਬਾਰਾਤ ਲੈ ਕੇ ਗਿਆ ਸੀ। ਗੱਜਣ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਨੇ ਕਿਹਾ ਕਿ ਸਰਕਾਰ ਨੂੰ ਜੰਮੂ ਕਸ਼ਮੀਰ ਦਾ ਮਸਲਾ ਤੁਰੰਤ ਹੱਲ ਕਰਨਾ ਚਾਹੀਦਾ ਹੈ।


 


ਇਹ ਵੀ ਪੜ੍ਹੋ: ਨਵੇਂ ਕੈਬਨਿਟ ਮੰਤਰੀਆਂ ਦੀ ਪਹਿਲੀ ਲੁਧਿਆਣਾ ਫੇਰੀ 'ਚ ਮੌਜੂਦ ਨਹੀਂ ਹੋਣਗੇ ਮੁੱਖ ਮੰਤਰੀ, ਹੁਣ ਵਿੱਤ ਮੰਤਰੀ ਤੇ ਉਦਯੋਗ ਮੰਤਰੀ ਕਰਨਗੇ ਵਪਾਰੀਆਂ ਨਾਲ ਮੀਟਿੰਗ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904