ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਥਰਮਲ ਪਲਾਂਟ ਰੋਪੜ ਅਤੇ ਪ੍ਰਾਈਵੇਟ ਗੋਇੰਦਵਾਲ ਦੇ ਇੱਕ-ਇੱਕ ਯੂਨਿਟ ਮੰਗਲਵਾਰ ਨੂੰ ਮੁੜ ਚਾਲੂ ਕੀਤੇ ਗਏ, ਪਰ ਇਸਦੇ ਬਾਅਦ ਵੀ ਸੂਬੇ 'ਚ ਬਿਜਲੀ ਦੀ ਮੰਗ ਵਿੱਚ ਤੇਜ਼ੀ ਕਾਰਨ ਖਪਤਕਾਰਾਂ ਨੂੰ ਲੰਮੇ ਕੱਟਾਂ ਤੋਂ ਰਾਹਤ ਨਹੀਂ ਮਿਲੀ। ਦਿਨ ਭਰ 'ਚ ਪੰਜ ਤੋਂ ਛੇ ਘੰਟਿਆਂ ਦੀ ਕਟੌਤੀ ਕੀਤੀ ਗਈ। ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਸ ਦੇ ਨਾਲ ਹੀ ਮੰਗਲਵਾਰ ਨੂੰ ਵੀ ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋਇਆ। ਥਰਮਲਾਂ ਵਿੱਚ ਸਿਰਫ ਇੱਕ ਤੋਂ ਤਿੰਨ ਦਿਨ ਦਾ ਕੋਲਾ ਬਚਿਆ ਹੈ। ਨਾਲ ਹੀ ਪੰਜਾਬ ਦੇ ਰੋਪੜ ਥਰਮਲ ਪਲਾਂਟ ਵਿੱਚ ਤਿੰਨ ਦਿਨ, ਲਹਿਰਾ ਮੁਹੱਬਤ ਕਰੀਬ ਢਾਈ ਦਿਨ, ਤਲਵੰਡੀ ਸਾਬੋ ਡੇਢ ਦਿਨ, ਰਾਜਪੁਰਾ ਵਿੱਚ ਦੋ ਅਤੇ ਗੋਇੰਦਵਾਲ ਵਿੱਚ ਸਿਰਫ ਇੱਕ ਦਿਨ ਦਾ ਕੋਲੇ ਦਾ ਭੰਡਾਰ ਬਾਕੀ ਹੈ। ਹਾਲਾਂਕਿ ਰੋਪੜ ਦੇ ਦੋ ਬੰਦ ਯੂਨਿਟਾਂ ਚੋਂ ਇੱਕ ਅਤੇ ਗੋਇੰਦਵਾਲ ਦੇ ਇੱਕ ਦੇ ਚੱਲਣ ਕਾਰਨ ਬਿਜਲੀ ਉਤਪਾਦਨ ਵਿੱਚ ਕੁਝ ਵਾਧਾ ਹੋਇਆ, ਪਰ ਵਧਦੀ ਮੰਗ ਨੇ ਸਾਰੀ ਖੇਡ ਨੂੰ ਵਿਗਾੜ ਦਿੱਤਾ।
ਪੰਜਾਬ ਵਿੱਚ ਦਿਨ ਵੇਲੇ ਬਿਜਲੀ ਦੀ ਮੰਗ 9489 ਮੈਗਾਵਾਟ ਦਰਜ ਕੀਤੀ ਗਈ। ਇਸ ਵਧੀ ਹੋਈ ਮੰਗ ਨੂੰ ਪੂਰਾ ਕਰਨ ਲਈ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਪਾਵਰਕੌਮ ਨੂੰ ਬਾਹਰੋਂ 5110 ਮੈਗਾਵਾਟ ਬਿਜਲੀ ਖਰੀਦਣੀ ਪਈ। ਮੰਗਲਵਾਰ ਨੂੰ ਪਾਵਰਕੌਮ ਨੂੰ ਆਪਣੇ ਥਰਮਲਾਂ ਤੋਂ 998 ਮੈਗਾਵਾਟ, ਹਾਈਡਲਾਂ ਤੋਂ 314 ਮੈਗਾਵਾਟ, ਸੋਲਰ ਪ੍ਰਾਜੈਕਟਾਂ ਤੋਂ 73 ਮੈਗਾਵਾਟ ਅਤੇ ਪ੍ਰਾਈਵੇਟ ਥਰਮਲਾਂ ਤੋਂ 2483 ਮੈਗਾਵਾਟ ਬਿਜਲੀ ਪ੍ਰਾਪਤ ਹੋਈ। ਇਸ ਤਰ੍ਹਾਂ ਪਾਵਰਕਾਮ ਨੇ ਕੁੱਲ 3868 ਮੈਗਾਵਾਟ ਬਿਜਲੀ ਪੈਦਾ ਕੀਤੀ।
ਹਾਲਾਂਕਿ, ਇਹ ਬਿਜਲੀ ਉਤਪਾਦਨ ਸੋਮਵਾਰ ਦੇ ਮੁਕਾਬਲੇ 270 ਮੈਗਾਵਾਟ ਜ਼ਿਆਦਾ ਸੀ। ਪਰ ਬਿਜਲੀ ਦੀ ਸਪਲਾਈ 8978 ਮੈਗਾਵਾਟ ਹੋਣ ਕਾਰਨ, ਮੰਗ ਅਤੇ ਸਪਲਾਈ ਦੇ ਵਿੱਚ 511 ਮੈਗਾਵਾਟ ਦਾ ਅੰਤਰ ਸੀ। ਇਸ ਕਾਰਨ, ਖਪਤਕਾਰਾਂ ਨੂੰ ਪੰਜ ਤੋਂ ਛੇ ਘੰਟਿਆਂ ਦੀ ਕਟੌਤੀ ਦਾ ਸਾਹਮਣਾ ਕਰਨਾ ਪਿਆ। ਇਸ ਵੇਲੇ ਪੰਜਾਬ ਦੇ ਥਰਮਲਾਂ ਵਿੱਚ ਕੋਲੇ ਦੇ ਭੰਡਾਰ ਵਿੱਚ ਕੋਈ ਸੁਧਾਰ ਦੀ ਉਮੀਦ ਨਹੀਂ ਹੈ।
ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ 15 ਵਿੱਚੋਂ ਤਿੰਨ ਯੂਨਿਟ ਹੁਣ ਬੰਦ ਹਨ। ਇਨ੍ਹਾਂ ਵਿੱਚ ਇੱਕ ਯੂਨਿਟ ਰੋਪੜ, ਦੂਜਾ ਲਹਿਰਾ ਮੁਹੱਬਤ ਅਤੇ ਤਲਵੰਡੀ ਸਾਬੋ ਦਾ ਯੂਨਿਟ ਸ਼ਾਮਲ ਹੈ। ਦੂਜੇ ਪਾਸੇ, ਤਲਵੰਡੀ ਸਾਬੋ ਦੇ ਬਾਕੀ ਦੋ ਯੂਨਿਟ ਮੰਗਲਵਾਰ ਨੂੰ ਕੋਲੇ ਦੀ ਘਾਟ ਕਾਰਨ ਅੱਧੀ ਸਮਰੱਥਾ 'ਤੇ ਚਲਾਏ ਗਏ ਸੀ।
ਇਹ ਵੀ ਪੜ੍ਹੋ: Wheat Seed Subsidy Policy: ਕਿਸਾਨਾਂ ਲਈ ਵੱਡੀ ਖ਼ਬਰ, ਪੰਜਾਬ 'ਚ ਹੁਣ 50 ਫੀਸਦੀ ਸਬਸਿਡੀ 'ਤੇ ਉਪਲਬਧ ਹੋਣਗੇ ਬੀਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/