ਪਾਕਿਸਤਾਨ ਮੁਸਲਿਮ ਲੀਗ(ਨਵਾਜ਼) ਨੇ ਮਰੀਅਮ ਨਵਾਜ਼ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਵਜੋਂ ਨਾਮਜ਼ਦ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਵਿੱਚ ਕੋਈ ਮਹਿਲਾ ਮੁੱਖ ਮੰਤਰੀ ਬਣੀ ਹੋਵੇ। ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ਼ ਦੀ ਬੇਟੀ ਮਰੀਅਮ ਨਵਾਜ਼ ਨੇ ਆਪਣਾ ਮੁੱਖ ਮੰਤਰੀ ਵਜੋਂ ਆਪਣਾ ਨਾਮਜ਼ਦ ਪੱਤਰ ਜਮਾ ਕਰਵਾਇਆ  ਹੈ। ਪਾਕਿਸਤਾਨ ਦੀ ਰਾਜਨੀਤੀ ਵਿੱਚ ਪੰਜਾਬ ਸੂਬੇ ਬਹੁਤ ਖ਼ਾਸ ਮੰਨਿਆ ਜਾਂਦਾ ਹੈ। ਇਸ ਸੂਬੇ ਦੀ ਗਿਣਤੀ 1.2 ਕਰੋੜ ਤੋਂ ਜ਼ਿਆਦਾ ਹੈ।






ਪਾਕਿਸਤਾਨ ਦੇ ਇਤਿਹਾਸ ਵਿੱਚ ਪੀਐਮਐਲ-ਐਨ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਪਹਿਲੀ ਮਹਿਲਾ ਮੁੱਖ ਮੰਤਰੀ ਬਣੀ ਹੈ। ਉਨ੍ਹਾਂ ਦੀ ਪਾਰਟੀ ਕੋਲ ਪੰਜਾਬ ਵਿਧਾਨ ਸਭਾ ਵਿੱਚ ਦੋ ਤਿਹਾਈ ਬਹੁਮਤ ਹਾਸਲ ਹੈ। ਸਥਾਨਕ ਮੀਡੀਆ ਦੇ ਰਿਪੋਰਟ ਮੁਤਾਬਕ, ਪੰਜਾਬ ਵਿਧਾਨ ਸਭਾ ਦੇ ਸਪੀਕਰ ਮਲਿਕ ਅਹਿਮਦ ਖ਼ਾਨ ਨੇ ਐਲਾਨ ਕੀਤਾ ਕਿ ਪੀਐਮਐਲ-ਐਨ ਦੀ ਮਰੀਅਮ ਨਵਾਜ਼ 220 ਵੋਟਾਂ ਦੇ ਨਾਲ ਪੰਜਾਬ ਦੀ ਮੁੱਖ ਮੰਤਰੀ ਚੁਣੀ ਗਈ ਹੈ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ 337 ਵਿਧਾਇਕਾਂ ਨੇ ਹਲਫ਼ ਲਿਆ।


ਇਸ ਮੌਕੇ ਮਰੀਅਮ ਨਵਾਜ਼ ਨੇ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਦੇਸ਼ ਦੀ ਹਰ ਮਹਿਲਾ ਵਾਸਤੇ ਸਨਮਾਨ ਦੀ ਗੱਲ ਹੈ। ਉਨ੍ਹਾਂ ਉਮੀਦ ਜਤਾਈ ਕਿ ਮਹਿਲਾਵਾਂ ਨੂੰ ਅਗਵਾਈ ਦੇਣ ਦੀ ਪਰਪੰਰਾ ਅੱਗੇ ਵੀ ਜਾਰੀ ਰਹੇਗੀ। ਇਸ ਮੌਕੇ ਉਨ੍ਹਾਂ ਨੇ ਖ਼ੁਦ ਨੂੰ ਵੋਟ ਦੇਣ ਵਾਲੇ ਤੇ ਨਾ ਦੇਣ ਵਾਲਿਆਂ ਦੋਵਾਂ ਲਈ ਕੰਮ ਕਰਨ ਦੀ ਸਹੁੰ ਖਾਧੀ। ਉਨ੍ਹਾਂ ਆਪਣੇ ਪਹਿਲਾ ਸੰਦੇਸ਼ ਵਿੱਚ ਕਿਹਾ ਕਿ ਮੈਂ ਵਿਰੋਧੀਆਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਮੇਰੇ ਦਫ਼ਤਰ ਤੇ ਦਿਲ ਦੇ ਦਰਵਾਜ਼ੇ ਉਨ੍ਹਾਂ ਲਈ ਹਮੇਸ਼ਾ ਖੁੱਲ੍ਹੇ ਰਹਿਣਗੇ।


ਮਰੀਅਮ ਨਵਾਜ਼ ਦਾ ਸਫਰ-ਏ-ਸਿਆਸਤ


ਮਰੀਅਮ ਨਵਾਜ਼ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਹੈ। ਉਹ ਸ਼ੁਰੂ ਵਿੱਚ ਪਰਿਵਾਰ ਦੇ ਸੰਗਠਨਾਂ ਵਿੱਚ ਸ਼ਾਮਲ ਸੀ। 1992 ਵਿੱਚ, ਉਸਨੇ ਸਫਦਰ ਅਵਾਨ ਨਾਲ ਵਿਆਹ ਕੀਤਾ। ਸਫ਼ਦਰ ਉਸ ਸਮੇਂ ਪਾਕਿਸਤਾਨੀ ਫ਼ੌਜ ਵਿੱਚ ਕੈਪਟਨ ਵਜੋਂ ਸੇਵਾ ਨਿਭਾਅ ਰਹੇ ਸਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਬਾਅਦ ਦੇ ਕਾਰਜਕਾਲ ਦੌਰਾਨ ਨਵਾਜ਼ ਸ਼ਰੀਫ਼ ਦੇ ਸੁਰੱਖਿਆ ਅਧਿਕਾਰੀ ਸਨ। ਸਫਦਰ ਅਵਾਨ ਨਾਲ ਉਸ ਦੇ ਤਿੰਨ ਬੱਚੇ ਹਨ।


2012 ਵਿੱਚ, ਉਸਨੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ 2013 ਦੀਆਂ ਆਮ ਚੋਣਾਂ ਦੌਰਾਨ ਉਸਨੂੰ ਚੋਣ ਮੁਹਿੰਮ ਦਾ ਇੰਚਾਰਜ ਬਣਾਇਆ ਗਿਆ। 2013 ਵਿੱਚ, ਉਸਨੂੰ ਪ੍ਰਧਾਨ ਮੰਤਰੀ ਯੁਵਾ ਪ੍ਰੋਗਰਾਮ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ। ਹਾਲਾਂਕਿ, ਉਸਦੀ ਨਿਯੁਕਤੀ ਨੂੰ ਚੁਣੌਤੀ ਦਿੱਤੇ ਜਾਣ ਤੋਂ ਬਾਅਦ ਉਸਨੇ 2014 ਵਿੱਚ ਅਸਤੀਫਾ ਦੇ ਦਿੱਤਾ ਸੀ।2024 ਦੀਆਂ ਪਾਕਿਸਤਾਨੀ ਆਮ ਚੋਣਾਂ ਦੌਰਾਨ, ਉਹ ਪਹਿਲੀ ਵਾਰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ (ਐਨਏ) ਅਤੇ ਪੰਜਾਬ ਦੀ ਸੂਬਾਈ ਅਸੈਂਬਲੀ ਲਈ ਚੁਣੀ ਗਈ ਹੈ।