ਮੇਲਾ ਮਾਘੀ 'ਤੇ ਮੁਕਤਸਰ ਲਈ ਕਈ ਪ੍ਰੋਜੈਕਟਾਂ ਦਾ ਐਲਾਨ
ਏਬੀਪੀ ਸਾਂਝਾ | 14 Jan 2018 05:55 PM (IST)
ਸ੍ਰੀ ਮੁਕਤਸਰ ਸਾਹਿਬ: ਮੇਲਾ ਮਾਘੀ 'ਤੇ ਵੱਡੀ ਗਿਣਤੀ ਸੰਗਤਾਂ ਪਹੁੰਚ ਰਹੀਆਂ ਹਨ। ਅੱਜ ਦੇਸ਼-ਵਿਦੇਸ਼ ਤੋਂ ਸੰਗਤਾਂ ਨੇ ਮੱਥਾ ਟੇਕਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮਾਘੀ ਮੌਕੇ 40 ਮੁਕਤਿਆਂ ਦੀ ਸ਼ਹਾਦਤ ਨੂੰ ਨਮਨ ਕੀਤਾ। ਉਨ੍ਹਾਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਵਿਕਾਸ ਲਈ ਕਈ ਪ੍ਰੋਜੈਕਟਾਂ ਦਾ ਐਲਾਨ ਵੀ ਕੀਤਾ। ਮਨਪ੍ਰੀਤ ਬਾਦਲ ਵੱਲੋਂ ਐਲਾਨੇ ਪ੍ਰੋਜੈਕਟਾਂ ਵਿੱਚ ਜਲਾਲਾਬਾਦ ਰੋਡ 'ਤੇ ਰੇਲਵੇ ਓਵਰ ਬ੍ਰਿਜ ਦਾ ਨਿਰਮਾਣ ਕਰਵਾਉਣਾ ਤੇ ਸਟੇਡੀਅਮ ਤੇ ਪੰਜਾਬ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਨੂੰ ਅਪਗ੍ਰੇਡ ਕਰਨਾ ਸ਼ਾਮਲ ਹੈ। ਵਿੱਤ ਮੰਤਰੀ ਨੇ ਇਹ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਮਾਘੀ ਦੇ ਪਵਿੱਤਰ ਦਿਨ 40 ਮੁਕਤਿਆਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਨਹਿਰੀ ਵਿਸ਼ਰਾਮ ਘਰ ਵਿਖੇ ਪੱਤਰਕਾਰਾਂ ਨਾਲ ਮਿਲਣੀ ਦੌਰਾਨ ਕੀਤਾ। ਮਾਘੀ ਮੌਕੇ ਅਕਾਲੀ ਦਲ ਵੱਲੋਂ ਸਿਆਸੀ ਕਾਨਫਰੰਸ ਕਰਨ ਦੇ ਮੁੱਦੇ 'ਤੇ ਮਨਪ੍ਰੀਤ ਬਾਦਲ ਨੇ ਆਖਿਆ ਕਿ ਮੁੱਖ ਮੰਤਰੀ ਦਾ ਮੰਨਣਾ ਹੈ ਕਿ ਧਾਰਮਿਕ ਸਮਾਗਮ ਸਿਆਸਤ ਤੋਂ ਮੁਕਤ ਹੋਣੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਸ਼ਹੀਦੀ ਜੋੜ ਮੇਲਿਆਂ 'ਤੇ ਸਿਆਸੀ ਕਾਨਫਰੰਸ ਨਾ ਕਰਨ ਦੀਆਂ ਹਦਾਇਤਾਂ ਦੀ ਪਹਿਲਾਂ ਫਤਿਹਗੜ੍ਹ ਸਾਹਿਬ ਵਿਖੇ ਤੇ ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਪਾਲਣਾ ਕੀਤੀ ਹੈ। ਉਨਾਂ ਕਿਹਾ ਕਿ ਹੋਰ ਸਿਆਸੀ ਪਾਰਟੀਆਂ ਨੂੰ ਵੀ ਧਾਰਮਿਕ ਮੇਲਿਆਂ ਨੂੰ ਸਿਆਸਤ ਦੇ ਅਖਾੜੇ ਨਹੀਂ ਬਣਾਉਣਾ ਚਾਹੀਦਾ।