ਚੰਡੀਗੜ੍ਹ: "ਜੇ ਰਾਹੁਲ ਗਾਂਧੀ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਮੰਡਲ ਤੋਂ ਬਾਹਰ ਦਾ ਰਾਹ ਦਿਖਾਉਂਦੇ ਹਨ ਤਾਂ ਮੈਂ ਉਨ੍ਹਾਂ ਦਾ ਸਵਾਗਤ ਤੇ ਧੰਨਵਾਦ ਕਰਾਂਗਾ ਕਿਉਂਕਿ ਰਾਣਾ ਗੁਰਜੀਤ ਨੇ ਪੰਜਾਬ ਨਾਲ ਵੱਡੇ ਘਪਲੇ ਕੀਤੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਬਚਾਅ ਰਹੇ ਹਨ।" ਇਹ ਗੱਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਕਹੀ ਹੈ। ਉਨ੍ਹਾਂ ਕਿਹਾ ਕਿ ਖ਼ਬਰਾਂ ਆ ਰਹੀਆਂ ਹਨ ਕਿ ਰਾਣਾ ਨੂੰ ਕੈਬਨਿਟ ਵਿੱਚੋਂ ਬਾਹਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੈਬਨਿਟ ਦਾ ਵਿਸਥਾਰ ਵੀ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਰਾਹੁਲ ਗਾਂਧੀ ਨੇ ਰਾਣਾ ਗੁਰਜੀਤ ਨੂੰ ਕੈਬਨਿਟ ਵਿੱਚੋਂ ਬਾਹਰ ਕੱਢਣ ਦੀ ਸ਼ਰਤ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਰਾਣਾ ਇਸ ਤੋਂ ਬਚਣ ਦੇ ਕਈ ਹੀਲੇ ਕਰ ਰਿਹਾ ਹੈ। ਉਹ ਅਰੂਸਾ ਆਲਮ ਦੇ ਵੀ ਗੋਡੇ ਘੁੱਟਦਾ ਹੈ ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਖ਼ਿਲਾਫ਼ ਜਾ ਕੇ ਚੁਰਾਸੀ ਦੇ ਮਾਮਲੇ 'ਤੇ ਗਾਂਧੀ ਪਰਿਵਾਰ ਦੇ ਪੱਖ ਵਿੱਚ ਬਿਆਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਨੂੰ ਰਾਣੇ ਦੇ ਬਿਆਨ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਖਹਿਰਾ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਹ ਕਦੇ ਭਵਿੱਖ ਵਿੱਚ ਕਾਂਗਰਸ ਪਾਰਟੀ ਵਿੱਚ ਮੁੜ ਸ਼ਾਮਲ ਹੋ ਸਕਦੇ ਹਨ ਤਾਂ ਉਨ੍ਹਾਂ ਕਿਹਾ, "ਰਾਜਨੀਤੀ ਵਿੱਚ ਕਿਸੇ ਵੀ ਸੰਭਾਵਨਾ ਨੂੰ ਕਦੇ ਰੱਦ ਨਹੀਂ ਕੀਤਾ ਜਾ ਸਕਦਾ ਪਰ ਮੇਰਾ ਕਾਂਗਰਸ ਵਿੱਚ ਜਾਣ ਦਾ ਕੋਈ ਮੂੜ ਨਹੀਂ।" ਉਨ੍ਹਾਂ ਕਿਹਾ, "ਮੈਂ ਆਮ ਆਦਮੀ ਪਾਰਟੀ ਦੇ ਨਾਲ ਹਾਂ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਿਹਾ ਹਾਂ।" ਉਨ੍ਹਾਂ ਕਿਹਾ ਕਿ ਕੈਪਟਨ ਕੁਰਸੀ ਛੱਡਣ ਅਸੀਂ ਪੰਜਾਬ ਦੀ ਦਸ਼ਾ ਸੁਧਾਰ ਕੇ ਦਿਖਾ ਦੇਵਾਂਗੇ। ਮਨੀਸ਼ ਸਿਸੋਦੀਆ ਦੇ ਪੰਜਾਬ ਨਾ ਆਉਣ ਬਾਰੇ ਉਨ੍ਹਾਂ ਕਿਹਾ ਕਿ ਨਾ ਆਉਣ ਦਾ ਸਹੀ ਕਾਰਨ ਤਾਂ ਉਹੀ ਦੱਸ ਸਕਦੇ ਹਨ ਪਰ ਉਹ ਜਲਦ ਹੀ ਪੰਜਾਬ ਆਉਣਗੇ। ਉਨ੍ਹਾਂ ਉਪਰ ਉਪ ਮੁੱਖ ਮੰਤਰੀ ਅਹੁਦੇ ਦੀ ਵੀ ਜ਼ਿਮੇਵਾਰੀ ਹੈ। ਇਸ ਲਈ ਵੀ ਉਹ ਜ਼ਿਆਦਾ ਰੁੱਝੇ ਰਹਿੰਦੇ ਹਨ।