ਯਾਦਵਿੰਦਰ ਸਿੰਘ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੀ ਸਿਆਸੀ ਕਾਨਫਰੰਸ ਕਰਨ ਜਾ ਰਿਹਾ ਹੈ ਜਦੋਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਮੁਤਾਬਕ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਆਪਣੀਆਂ ਕਾਨਫਰੰਸਾਂ ਰੱਦ ਕਰ ਦਿੱਤੀਆਂ ਹਨ। ਕਾਂਗਰਸ ਪ੍ਰਧਾਨ ਸੁਨੀਲ ਜਾਖ਼ੜ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਅਕਾਲੀ ਦਲ ਦਾ ਕਾਨਫਰੰਸ ਕਰਨਾ ਦੱਸਦਾ ਹੈ ਕਿ ਅਕਾਲੀ ਧਰਮ ਨੂੰ ਸਿਰਫ਼ ਸਿਆਸਤ ਲਈ ਵਰਤਦੇ ਹਨ।
ਦਰਅਸਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਤੋਂ ਸਿੱਖ ਵੋਟ ਬੈਂਕ ਕਾਫੀ ਦੂਰ ਹੋਇਆ ਹੈ। ਖ਼ਾਸ ਤੌਰ 'ਤੇ ਸਿੱਖਾਂ ਦੀਆਂ ਗਰਮ ਖਿਆਲੀ ਧਿਰਾਂ ਨੇ ਅਕਾਲੀ ਦਲ ਖ਼ਿਲਾਫ ਵੱਡਾ ਪ੍ਰਚਾਰ ਕਰਕੇ ਉਸ ਦੀ ਸਾਖ਼ ਨੂੰ ਖੋਰਾ ਲਾਇਆ। ਅਕਾਲੀ ਦਲ ਨੂੰ ਸਿਰਫ਼ ਬਾਦਲ ਪਰਿਵਾਰ ਬਣਾ ਦਿੱਤਾ ਗਿਆ ਤੇ ਉਸ ਦੀ ਦਿੱਖ ਪੰਥ ਵਿਰੋਧੀ ਬਣਾਈ ਗਈ। ਹੁਣ ਅਕਾਲੀ ਦਲ ਉਸੇ ਸੰਕਟ 'ਚੋਂ ਨਿਕਲਣ ਲਈ ਹੰਭਲੇ ਮਾਰ ਰਿਹਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ੁਦ ਕਹਿ ਚੁੱਕੇ ਹਨ ਕਿ ਸਿੱਖਾਂ 'ਚ ਧਰਮ ਤੇ ਸਿਆਸਤ ਨਾਲੋ ਨਾਲ ਚੱਲਦੇ ਹਨ। ਉਨ੍ਹਾਂ ਮੀਰੀ-ਪੀਰੀ ਦੇ ਸਿਧਾਂਤ ਦਾ ਹਵਾਲਾ ਵੀ ਦਿੱਤਾ ਹੈ।
ਅਕਾਲ ਤਖ਼ਤ ਦੇ ਹੁਕਮ ਦੇ ਬਾਵਜੂਦ ਮਾਘੀ ਕਾਨਫਰੰਸ ਕਰਨ ਦਾ ਮਤਲਬ ਉਨ੍ਹਾਂ ਗਰਮ ਖਿਆਲੀਆਂ ਨੂੰ ਸੁਨੇਹਾ ਦੇਣਾ ਵੀ ਹੈ ਜਿਹੜੇ ਹਮੇਸ਼ਾਂ ਅਕਾਲੀ ਦਲ ਖ਼ਿਲਾਫ ਧੂੰਆਂਧਾਰ ਪ੍ਰਚਾਰ 'ਚ ਲੱਗੇ ਹਨ। ਕਾਨਫਰੰਸ ਕਰਨ ਦਾ ਮਤਲਬ ਉਨ੍ਹਾਂ ਨੂੰ ਇਹ ਦੱਸਣਾ ਹੈ ਕਿ ਅਕਾਲੀ ਦਲ ਝੁਕੇਗਾ ਨਹੀਂ ਲੜੇਗਾ। ਦੂਜਾ ਅਜਿਹੇ ਧਾਰਮਿਕ ਜੋੜ ਮੇਲਿਆਂ ਵਿੱਚ ਸੰਗਤ ਨੂੰ ਇਹ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਹੋਵੇਗੀ ਕਿ ਅਕਾਲੀ ਦਲ ਹੀ ਅਸਲ ਪੰਥਕ ਪਾਰਟੀ ਹੈ ਤੇ ਧਾਰਮਕਿ ਜੋੜ ਮੇਲਿਆਂ 'ਤੇ ਵੀ ਪੰਥ ਦੇ ਨਾਲ ਹੈ।
ਦਰਅਸਲ ਪਿੰਡਾਂ ਦੇ ਸਿੱਖ ਭਾਈਚਾਰੇ ਨੂੰ ਅਕਾਲੀ ਦਲ ਦਾ ਕੋਰ ਵੋਟ ਬੈਂਕ ਮੰਨਿਆ ਜਾਂਦਾ ਹੈ। ਅਕਾਲੀ ਦਲ ਲਈ 2019 (ਲੋਕ ਸਭਾ ਚੋਣਾਂ) ਜ਼ਰੀਏ 2022 (ਵਿਧਾਨ ਸਭਾ ਚੋਣਾਂ) ਤੱਕ ਉਸ ਵੋਟ ਬੈਂਕ ਨੂੰ ਮੋੜ ਕੇ ਆਪਣੇ ਨਾਲ ਲਿਆਉਣਾ ਮਜਬੂਰੀ ਹੈ। ਜੇਕਰ ਅਜਿਹਾ ਨਹੀਂ ਹੋਵੇਗਾ ਤਾਂ ਅਕਾਲੀ ਦਲ ਲਈ ਮੁੜ ਸੱਤਾ 'ਚ ਆਉਣਾ ਔਖਾ ਹੋਵੇਗਾ। ਇਸੇ ਲਈ ਹੀ ਬਾਦਲ ਪਰਿਵਾਰ ਬੜੀ ਸ਼ਿੱਦਤ ਨਾਲ ਹੁਣੇ ਤੋਂ ਸਿਆਸਤ 'ਚ ਜੁਟਿਆ ਹੋਇਆ ਹੈ। ਵੈਸੇ ਆਮ ਤੌਰ 'ਤੇ ਸਿਆਸਤ ਚੋਣਾਂ ਨੇੜੇ ਜਾ ਕੇ ਗਰਮਾਉਂਦੀ ਹੈ ਪਰ ਅਕਾਲੀ ਦਲ ਸੱਤਾ 'ਚੋਂ ਬਾਹਰ ਹੋਣ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਵੋਟ ਬੈਂਕ ਵਾਪਸੀ ਲਈ ਫਿਕਰਮੰਦ ਹੈ।
ਅਕਾਲੀ ਨੂੰ ਇਸ ਦਾ ਭਵਿੱਖ 'ਚ ਕਿੰਨਾ ਸਿਆਸੀ ਫਾਇਦਾ ਜਾਂ ਨੁਕਸਾਨ ਹੋਵੇਗਾ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਫਿਲਹਾਲ ਸਿਆਸੀ ਕਾਨਫਰੰਸਾਂ ਕਰਨ ਨੂੰ ਲੈ ਕੇ ਸਤਿਕਾਰ ਕਮੇਟੀ ਤੇ ਪੁਲੀਸ ਵਿਚਾਲੇ ਤਣਾਅ ਬਣਿਆ ਹੋਇਆ ਹੈ। ਕਮੇਟੀ ਮੈਂਬਰ ਸ਼ਹਿਰ ਵਿੱਚ ਮਾਰਚ ਕਰਕੇ ਸਿਆਸੀ ਕਾਨਫਰੰਸ ਦਾ ਵਿਰੋਧ ਕਰਨਾ ਚਾਹੁੰਦੇ ਸੀ, ਪਰ ਪੁਲਿਸ ਨੇ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਹੀ ਰੋਕ ਰਹੀ ਹੈ। ਕਮੇਟੀ ਮੈਂਬਰਾਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਮੇਲਾ ਮਾਘੀ ਮੌਕੇ ਵੀ ਸਿਆਸੀ ਕਾਨਫਰੰਸਾਂ ਨਾ ਕਰਨ ਦੀ ਮੰਗ ਕੀਤੀ ਸੀ।