ਬਰਨਾਲਾ: ਯੂਥ ਕਾਂਗਰਸ ਦੇ ਇੱਕ ਵਰਕਰ ਨੇ ਦਾਦੇ ਦੀ ਮੌਤ ਤੋਂ ਖ਼ਬਰ ਸੁਣ ਕੇ ਆਪਣੀ ਦਾ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਖ਼ੁਦਕੁਸ਼ੀ ਕਰ ਲਈ। ਇਸ ਵਰਕਰ ਦਾ ਨਾਂਅ ਹਰਮੇਸ਼ ਮਿੱਤਲ ਉਰਫ਼ ਹਨੀ ਹੈ। ਹਨੀ ਦਾ ਦਾਦਾ ਕੈਂਸਰ ਦਾ ਮਰੀਜ਼ ਸੀ। ਹਨੀ ਦੇ ਮਾਂ-ਬਾਪ ਨਹੀਂ ਸਨ ਤੇ ਉਹ ਆਪਣੇ ਦਾਦਾ ਦਾਦੀ ਨਾਲ ਰਹਿੰਦਾ ਸੀ।




ਹਨੀ ਦੇ ਦਾਦੇ ਦੀ ਅੱਜ ਸਵੇਰੇ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿੱਚ ਮੌਤ ਹੋ ਗਈ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮੱਖਣ ਸ਼ਰਮਾ ਨੇ ਦੱਸਿਆ ਕਿ ਉਹ ਅੱਜ ਸਵੇਰੇ ਹਨੀ ਦੇ ਘਰ ਉਸ ਦੇ ਦਾਦੇ ਦੀ ਮੌਤ 'ਤੇ ਅਫਸੋਸ ਕਰਨ ਆਏ ਸਨ। ਉਦੋਂ ਹਨੀ ਆਪਣੀ ਦਾਦੀ ਨੂੰ ਅੰਦਰ ਲੈ ਗਿਆ ਤੇ ਉੱਥੇ ਮੌਜੂਦ ਆਪਣੀ ਭੂਆ ਤੇ ਹੋਰ ਰਿਸ਼ਤੇਦਾਰਾਂ ਉਸ ਨੂੰ ਤੇ ਦਾਦੀ ਨੂੰ ਇਕੱਲੇ ਛੱਡਣ ਲਈ ਕਹਿ ਕੇ ਕਮਰਾ ਅੰਦਰੋਂ ਬੰਦ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਉਸ ਨੇ ਆਪਣੀ ਦਾਦੀ ਨੂੰ ਗੋਲ਼ੀ ਮਾਰ ਦਿੱਤੀ ਅਤੇ ਬਾਅਦ ਵਿੱਚ ਆਪਣੇ ਆਪ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਹਨੀ ਨੂੰ ਉਸ ਦੇ ਦਾਦਾ ਦਾਦੀ ਨੇ ਹੀ ਪਾਲਿਆ ਸੀ ਤੇ ਉਹ ਉਨ੍ਹਾਂ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕਿਆ।



ਮਾਮਲੇ ਦੀ ਪੜਤਾਲ ਲਈ ਆਏ ਸਹਾਇਕ ਸਬ ਇੰਸਪੈਕਟਰ ਦਿਲਬਾਗ਼ ਸਿੰਘ ਨੇ ਦੱਸਿਆ ਕਿ ਹਰਮੇਸ਼ ਮਿੱਤਲ ਨੇ ਆਪਣੇ ਲਾਈਸੰਸੀ ਪਿਸਤੌਲ 'ਚੋਂ ਕੁੱਲ 4 ਗੋਲ਼ੀਆਂ ਚਲਾਈਆਂ। ਇੱਕ ਉਸ ਨੇ ਆਪਣੀ ਦਾਦੀ ਦੇ ਮੱਥੇ ਵਿੱਚ ਮਾਰ ਦਿੱਤੀ ਤੇ ਦੋ ਗੋਲ਼ੀਆਂ ਆਪਣੇ ਸਿਰ ਵਿੱਚ ਮਾਰ ਲਈਆਂ। ਉਨ੍ਹਾਂ ਦੱਸਿਆ ਕਿ ਹਰਮੇਸ਼ ਵਿਰੱਧ 302 ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।