ਚੰਡੀਗੜ੍ਹ: ਅੱਜ ਦੇਸ਼ ਵਿਦੇਸ਼ ਦੀ ਸਿੱਖ ਸੰਗਤ 40 ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ। ਇਸ ਲਈ ਇਹ ਜ਼ਿਹਨ 'ਚ ਆਉਣਾ ਜ਼ਰੂਰੀ ਹੈ ਕਿ ਆਖ਼ਰ ਇਸ ਧਰਤੀ 'ਤੇ ਅਜਿਹਾ ਕੀ ਹੋਇਆ ਸੀ ਕਿ ਸੰਗਤ ਕਈ ਸਦੀਆਂ ਬਾਅਦ ਵੀ ਵੱਡੇ ਪੱਧਰ 'ਤੇ ਇੱਥੇ ਜੁੜਦੀ ਹੈ। ਏ.ਬੀ.ਪੀ. ਸਾਂਝਾ ਸੰਗਤ ਨੂੰ ਉਸ ਇਤਿਹਾਸ ਦੇ ਰੁਬਰੂ ਕਰਨ ਦੀ ਕੋਸ਼ਿਸ਼ ਕਰੇਗਾ।
ਦਰਅਸਲ , ਇਸ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਜੀ ਤੁਰਕਾਂ ਖ਼ਿਲਾਫ ਜੰਗ ਲੜੀ ਤੇ ਜਿੱਤ ਪ੍ਰਾਪਤ ਕੀਤੀ ਸੀ। ਸੰਨ 1705 ਵਿੱਚ ਔਰੰਗਜ਼ੇਬ ਦੀਆਂ ਫ਼ੌਜਾਂ ਨਾਲ ਗਹਿਗੱਚ ਲੜਾਈ ਤੋਂ ਬਾਅਦ ਗੁਰੂ ਜੀ ਮਾਲਵੇ ਦੇ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਅਖੀਰ ਕੋਟਕਪੂਰੇ ਪੁੱਜੇ। ਕੋਟਕਪੂਰੇ ਪੁੱਜ ਕੇ ਗੁਰੂ ਜੀ ਨੂੰ ਖ਼ਬਰ ਮਿਲੀ ਕਿ ਸੂਬਾ ਸਰਹਿੰਦ ਤੇ ਦਿੱਲੀ ਦੀਆਂ ਸ਼ਾਹੀ ਫੌਜਾਂ ਬੜੀ ਤੇਜ਼ੀ ਨਾਲ ਗੁਰੂ ਜੀ ਦਾ ਪਿੱਛਾ ਕਰਦੀਆਂ ਅੱਗੇ ਵਧ ਰਹੀਆਂ ਹਨ। ਖਿਦਰਾਣੇ ਦੀ ਢਾਬ 'ਤੇ ਪਹੁੰਚਣ ਵੇਲੇ ਗੁਰੂ ਸਾਹਿਬ ਨਾਲ ਹੋਰ ਸਿੱਖ ਯੋਧਿਆਂ ਤੋਂ ਇਲਾਵਾ ਉਹ 40 ਮਝੈਲ ਸਿੱਖ ਵੀ ਪਹੁੰਚ ਚੁੱਕੇ ਸਨ, ਜਿਹੜੇ ਪਹਿਲਾਂ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਚੁੱਕੇ ਸਨ। ਇਹ ਸਿੱਖ ਮਗਰੋਂ ਚਾਲੀ ਮੁਕਤਿਆਂ ਵਜੋਂ ਇਤਿਹਾਸ ਵਿੱਚ ਜਾਣੇ ਜਾਣ ਲੱਗੇ।
ਇਹੀ ਚਾਲੀ ਮੁਕਤੇ ਹਨ, ਜਿਨ੍ਹਾਂ ਨੇ ਧਰਮ ਲਈ ਕੁਰਬਾਨੀ ਦਿੱਤੀ ਤੇ ਹਰ ਰੋਜ਼ ਸਿੱਖ ਅਰਦਾਸ ਵਿਚ ਉਨ੍ਹਾਂ ਨੂੰ ਯਾਦ ਕਰਦੇ ਹਨ। ਇਨ੍ਹਾਂ ਚਾਲੀ ਮੁਕਤਿਆਂ ਦੀ ਪਾਵਨ ਧਰਤੀ 'ਤੇ ਹੀ ਇਤਿਹਾਸਕ ਸ਼ਹਿਰ ਮੁਕਤਸਰ ਵਸਿਆ ਹੋਇਆ ਹੈ।
ਮੁਕਤਸਰ ਦੇ ਇਤਿਹਾਸਕ ਸਥਾਨਾਂ ਵਿਚ ਕਈ ਪ੍ਰਸਿੱਧ ਗੁਰਦੁਆਰੇ ਸ਼ਾਮਲ ਹਨ। ਮੁੱਖ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਹੈ। 1743 ਵਿਚ ਭਾਈ ਲੰਗਰ ਸਿੰਘ ਦੀ ਨਿਸ਼ਾਨਦੇਹੀ 'ਤੇ ਮਾਨਾਵਾਲਾ ਦੇ ਸੋਢੀ ਮਾਨ ਨੇ ਸੰਗਤ ਦੇ ਸਹਿਯੋਗ ਨਾਲ ਇਸ ਗੁਰਦੁਆਰੇ ਦੀ ਪੱਕੀ ਇਮਾਰਤ ਉਸਾਰੀ। ਇਸ ਦੇ ਨਾਲ ਹੀ ਵਿਸ਼ਾਲ ਸਰੋਵਰ ਮੌਜੂਦ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਦੁਆਰੇ ਨਾਂਅ ਵੱਡੀ ਜਗੀਰ ਲਾਈ ਸੀ, ਜੋ ਬਾਅਦ ਵਿਚ ਅੰਗਰੇਜ਼ੀ ਰਾਜ ਸਮੇਂ ਬੰਦ ਕਰ ਦਿੱਤੀ ਗਈ।
ਖਿਦਰਾਣੇ ਦੀ ਢਾਬ ਤੋਂ ਕੋਈ ਇੱਕ-ਡੇਢ ਕਿਲੋਮੀਟਰ 'ਤੇ ਗੁਰਦੁਆਰਾ ਟਿੱਬੀ ਸਾਹਿਬ ਹੈ। ਇੱਥੇ ਹੀ ਗੁਰੂ ਜੀ ਨੇ ਤੁਰਕਾਂ 'ਤੇ ਤੀਰਾਂ ਦਾ ਮੀਂਹ ਵਰਸਾਇਆ ਸੀ। ਟਿੱਬੀ ਸਾਹਿਬ ਤੋਂ ਦੱਖਣ ਵੱਲ ਗੁਰਦੁਆਰਾ ਰਕਾਬਸਰ ਹੈ। ਟਿੱਬੀ ਸਾਹਿਬ ਦੇ ਉੱਤਰ-ਪੱਛਮ ਵੱਲ ਗੁਰਦੁਆਰਾ ਦਾਤਣਸਰ ਹੈ। ਮੁਕਤਸਰ ਤੋਂ ਬਠਿੰਡੇ ਵੱਲ ਜਾਂਦੀ ਸੜਕ 'ਤੇ ਗੁਰਦੁਆਰਾ ਦੂਖ ਨਿਵਾਰਣ, ਤਰਨ ਤਾਰਨ ਸਾਹਿਬ ਬਣਿਆ ਹੋਇਆ ਹੈ। ਗੁਰੂ ਜੀ ਖਿਦਰਾਣੇ ਤੋਂ ਰੁਪਾਣੇ ਵੱਲ ਜਾਂਦਿਆਂ ਇਸ ਸਥਾਨ 'ਤੇ ਰੁਕੇ ਸਨ। ਪਹਿਲਾਂ ਇਥੇ ਛੋਟੀ ਜਿਹੀ ਛੱਪੜੀ ਸੀ ਪਰ ਹੁਣ ਪੱਕਾ ਸਰੋਵਰ ਤੇ ਕਾਫੀ ਵੱਡਾ ਗੁਰਦੁਆਰਾ ਹੈ।