Mig-21 Jet Crash: ਰਾਜਸਥਾਨ ਦੇ ਬਾੜਮੇਰ 'ਚ ਭਿਆਨਕ ਹਾਦਸਾ ਵਾਪਰਿਆ। ਭਾਰਤੀ ਹਵਾਈ ਸੈਨਾ ਦਾ ਮਿਗ-21 ਜੈੱਟ ਕ੍ਰੈਸ਼ ਹੋ ਗਿਆ ਜਿਸ 'ਚ ਦੋ 2 ਪਾਇਲਟਾਂ ਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ 'ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਘਟਨਾ 'ਤੇ ਦੁੱਖ ਜ਼ਾਹਰ ਕਰਦਿਆਂ ਲਿਖਿਆ- ਮੇਰੀ ਦਿਲੀ ਹਮਦਰਦੀ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹੈ। ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ੇ।
ਮਿਗ-21 ਜਹਾਜ਼ ਰਾਜਸਥਾਨ ਦੇ ਬਾੜਮੇਰ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ। ਬਾੜਮੇਰ ਦੇ ਭੀਮਦਾ ਪਿੰਡ ਵਿੱਚ ਮਿਗ-21 ਕਰੈਸ਼ ਹੋ ਗਿਆ ਹੈ। ਲੋਕਾਂ ਨੇ ਜ਼ੋਰਦਾਰ ਧਮਾਕੇ ਨਾਲ ਅੱਗ ਦੀਆਂ ਵੱਡੀਆਂ ਲਾਟਾਂ ਦੇਖੀਆਂ। ਮਿਗ-21 ਕਰੈਸ਼ ਹੋਣ ਦੀ ਸੂਚਨਾ ਮਿਲਣ ਨਾਲ ਪਿੰਡ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਹਾਦਸੇ ਵਿੱਚ ਦੋਵੇਂ ਪਾਇਲਟ ਸ਼ਹੀਦ ਹੋ ਗਏ।
ਜਹਾਜ਼ ਦਾ ਮਲਬਾ ਵੀ ਅੱਧੇ ਕਿਲੋਮੀਟਰ ਦੇ ਘੇਰੇ ਵਿੱਚ ਬਿਖਰ ਗਿਆ ਹੈ। ਹਾਦਸੇ ਤੋਂ ਬਾਅਦ ਦਾ ਇੱਕ ਭਿਆਨਕ ਵੀਡੀਓ ਸਾਹਮਣੇ ਆਇਆ ਹੈ। ਹਵਾਈ ਸੈਨਾ ਨੇ ਕਿਹਾ ਕਿ ਹਾਦਸੇ ਬਾਰੇ ਤੱਥ ਇਕੱਠੇ ਕੀਤੇ ਜਾ ਰਹੇ ਹਨ। ਬਾੜਮੇਰ ਦੇ ਜ਼ਿਲ੍ਹਾ ਕੁਲੈਕਟਰ ਲੋਕ ਬੰਧੂ ਨੇ ਕਿਹਾ, "ਇਹ ਹਵਾਈ ਸੈਨਾ ਦਾ ਇੱਕ ਜਹਾਜ਼ ਸੀ, ਜੋ ਭੀਮਦਾ ਪਿੰਡ ਨੇੜੇ ਹਾਦਸਾਗ੍ਰਸਤ ਹੋ ਗਿਆ।"
ਭਾਰਤੀ ਹਵਾਈ ਸੈਨਾ ਨੇ ਦੱਸਿਆ ਕਿ ਮਿਗ-21 ਟ੍ਰੇਨਰ ਜਹਾਜ਼ ਦੇ ਦੋਵੇਂ ਪਾਇਲਟਾਂ ਦੀ ਇਸ ਹਾਦਸੇ ਵਿੱਚ ਜਾਨ ਚਲੀ ਗਈ। ਭਾਰਤੀ ਹਵਾਈ ਸੈਨਾ ਡੂੰਘਾ ਅਫਸੋਸ ਕਰਦੀ ਹੈ ਅਤੇ ਦੁਖੀ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ।