Punjab News: ਪੰਜਾਬ ਸਰਕਾਰ ਦੇ ਮੰਤਰੀ ਹੁਣ ਆਪਣੀ ਪਿੱਠ ਆਪ ਹੀ ਥਾਪੜਦੇ ਨਜ਼ਰ ਆ ਰਹੇ ਹਨ। ਸੂਬੇ ਦੇ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਹੁਣ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਇਮਾਨਦਾਰ ਸਰਕਾਰ ਨੇ ਦੋ ਮਹੀਨਿਆਂ ਦੇ ਅੰਦਰ ਸੂਬੇ ਚੋਂ ਗੈਰ ਕਾਨੂੰਨੀ ਮਾਈਨਿੰਗ ਨੂੰ ਖ਼ਤਮ ਕਰ ਦਿੱਤਾ ਹੈ। ਇੱਕ ਬਿਆਨ ਜਾਰੀ ਕਰਦਿਆਂ ਹਰਜੋਤ ਬੈਂਸ ਨੇ ਕਿਹਾ ਕਿ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਅਸੀਂ ਦਿਨ ਰਾਤ ਮਿਹਨਤ ਕਰਕੇ ਪੰਜਾਬ ਚੋਂ ਗੈਰ ਕਾਨੂੰਨੀ ਮਾਈਨਿੰਗ ਖ਼ਤਮ ਕਰ ਦਿੱਤੀ ਹੈ।
ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸੂਬੇ ਚੋਂ ਰੇਤ ਦੀ ਨਾਜਾਇਜ਼ ਮਾਈਨਿੰਗ ਖ਼ਤਮ ਹੋ ਗਈ ਹੈ ਅਤੇ ਹੁਣ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ। ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਅਸੀਂ ਕਾਨੂੰਨੀ ਤੌਰ 'ਤੇ ਅਲਾਟ ਕੀਤੀਆਂ ਖਾਣਾਂ ਰਾਹੀਂ ਰੋਜ਼ਾਨਾ 60,000 ਮੀਟ੍ਰਿਕ ਟਨ ਰੇਤ ਦੀ ਸਪਲਾਈ ਵਧਾ ਦਿੱਤੀ ਹੈ। ਮਾਈਨਿੰਗ ਕਾਰਜਾਂ ਦਾ ਅਧਿਐਨ ਕਰਨ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਈ 2021 ਵਿੱਚ 8 ਲੱਖ ਮੀਟ੍ਰਿਕ ਟਨ (LMT) ਦੇ ਮੁਕਾਬਲੇ ਇਸ ਸਾਲ ਮਈ ਵਿੱਚ ਕਾਨੂੰਨੀ ਖਾਣਾਂ ਤੋਂ ਰੇਤ ਅਤੇ ਬੱਜਰੀ ਦੀ ਖੁਦਾਈ 18 ਲੱਖ ਮੀਟਰਿਕ ਟਨ ਹੈ। ਮਾਈਨਿੰਗ ਮੰਤਰੀ ਨੇ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਸਰਕਾਰ ਵੇਲੇ ਰੇਤ ਦੀ ਨਾਜਾਇਜ਼ ਮਾਈਨਿੰਗ ਜ਼ੋਰਾਂ 'ਤੇ ਸੀ।
ਇਸ ਦੇ ਨਾਲ ਹੀ ਉਨ੍ਹਾਂ ਪਿਛਲੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੀ ਸਰਕਾਰ ਵੇਲੇ ਟੈਂਡਰ ਦਿੱਤੇ ਗਏ ਸੀ ਅਤੇ ਉਕਤ ਠੇਕੇਦਾਰਾਂ 'ਤੇ ਸ਼ਿਕੰਜਾ ਕੱਸ ਕੇ ਆਪ ਸਰਕਾਰ ਨੇ ਇਮਾਨਦਾਰੀ ਨਾਲ ਕਾਨੂੰਨੀ ਮਾਈਨਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਰੋਜ਼ਾਨਾ 35 ਹਜ਼ਾਰ ਮੀਟ੍ਰਿਕ ਟਨ ਮਾਈਨਿੰਗ ਹੁੰਦੀ ਸੀ ਪਰ ਹੁਣ ਕਾਨੂੰਨੀ ਮਾਈਨਿੰਗ ਇੱਕ ਲੱਖ ਮੀਟ੍ਰਿਕ ਟਨ ਨੂੰ ਪਾਰ ਕਰ ਗਈ।
ਹਰਜੋਤ ਬੈਂਸ ਨੇ ਕਿਹਾ ਕਿ ਪਿਛਲੇ ਸਾਲ ਮਈ ਮਹੀਨੇ 8 ਲੱਖ ਮੀਟ੍ਰਿਕ ਟਨ ਮਾਈਨਿੰਗ ਕੀਤੀ ਗਈ ਸੀ ਪਰ ਇਸ ਸਾਲ 18.5 ਲੱਖ ਮੀਟ੍ਰਿਕ ਟਨ ਮਾਈਨਿੰਗ ਕੀਤੀ ਗਈ ਹੈ। ਪਿਛਲੇ ਸਾਲ 7 'ਚੋਂ 6 ਬਲਾਕ ਚੱਲਦੇ ਸਨ ਪਰ ਹੁਣ ਸਿਰਫ਼ 4 ਬਲਾਕ ਹੀ ਚੱਲ ਰਹੇ ਹਨ, ਫਿਰ ਵੀ ਕਮਾਈ ਢਾਈ ਗੁਣਾਂ ਤੋਂ ਵੱਧ ਹੈ। ਨਾਲ ਹੀ ਬੈਂਸ ਨੇ ਕਿਹਾ ਕਿ ਰੋਪੜ 'ਚ 8 ਗੁਣਾ ਕਾਨੂੰਨੀ ਮਾਈਨਿੰਗ ਵਧੀ ਹੈ।
ਇਹ ਵੀ ਪੜ੍ਹੋ: