Punjab News: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਬਾਗਬਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸਵੇਰੇ ਸਮਾਣਾ ਵਿਖੇ 4.5 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਨਵੇਂ ਸੀਵਰੇਜ ਪ੍ਰਾਜੈਕਟ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਹੀ ਕਹਿਣ 'ਤੇ ਇਸ ਅਹਿਮ ਪ੍ਰਾਜੈਕਟ ਦਾ ਤੋਹਫ਼ਾ ਸਮਾਣਾ ਵਾਸੀਆਂ ਨੂੰ ਦਿੱਤਾ ਅਤੇ ਇਸ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕਰਵਾਇਆ ਜਾ ਰਿਹਾ ਹੈ।




ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਸਮਾਣਾ ਸ਼ਹਿਰ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਗਿਆ, ਜਿਸ ਕਰਕੇ ਵਿਕਾਸ ਪੱਖੋਂ ਸਮਾਣਾ ਹਲਕਾ ਤੇ ਸਮਾਣਾ ਸ਼ਹਿਰ ਪੱਛੜ ਗਿਆ ਪ੍ਰੰਤੂ ਹੁਣ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਮਾਣਾ ਦੇ ਵਿਕਾਸ ਲਈ ਖ਼ਜ਼ਾਨੇ ਦਾ ਮੂੰਹ ਖੋਲ੍ਹਿਆ ਗਿਆ ਹੈ।


ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਭੇਜੇ 4.5 ਕਰੋੜ ਰੁਪਏ ਦੇ ਵਿਸ਼ੇਸ਼ ਫੰਡਾਂ ਦੇ ਨਾਲ 3.5 ਕਿਲੋਮੀਟਰ 800 ਐਮ.ਐਮ. ਦੀ ਨਵੀਂ ਸੀਵਰੇਜ ਲਾਈਨ ਪਾਉਣ ਦਾ ਇਹ ਪ੍ਰਾਜੈਕਟ ਕੁਝ ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਅਤੇ ਇਸ 'ਚੋਂ 1100 ਮੀਟਰ ਲਾਈਨ ਪਾਈ ਜਾ ਚੁੱਕੀ ਹੈ ਅਤੇ ਬਾਕੀ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ।


ਜੌੜਾਮਾਜਰਾ ਨੇ ਦੱਸਿਆ ਕਿ ਸਮਾਣਾ ਸ਼ਹਿਰ ਦੀ ਮੇਨ ਰੋਡ 'ਤੇ ਨਿਊ ਪ੍ਰਤਾਪ ਕਲੋਨੀ ਨੇੜੇ ਚਿੱਟੀ ਢੇਰੀ ਤੋਂ ਸ਼ੁਰੂ ਹੋ ਕੇ ਇਹ ਸੀਵਰੇਜ ਲਾਈਨ ਸੂਏ ਦੇ ਨਾਲ-ਨਾਲ ਐਸ.ਟੀ.ਪੀ. ਤੱਕ ਜਾਵੇਗੀ। ਇਸ ਨਾਲ ਜਿੱਥੇ ਸ਼ਹਿਰ ਨਿਵਾਸੀਆਂ ਨੂੰ ਬਰਸਾਤ ਸਮੇਂ ਪਾਣੀ ਦੀ ਨਿਕਾਸੀ ਦੀ ਦਰਪੇਸ਼ ਸਮੱਸਿਆ ਤੋਂ ਨਿਜ਼ਾਤ ਮਿਲੇਗੀ, ਉਥੇ ਹੀ ਵਲੈਚਾ, ਨਿਊ ਪ੍ਰਤਾਪ ਕਲੋਨੀ, ਦਰਦੀ ਕਲੋਨੀ, ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦਾ ਪਾਣੀ ਲੈਣ ਤੋਂ ਇਲਾਵਾ ਪਾਤੜਾਂ ਰੋਡ 'ਤੇ ਨਵੀਂਆਂ ਕਲੋਨੀਆਂ ਨੂੰ ਵੀ ਵੱਡੀ ਰਾਹਤ ਮਿਲੇਗੀ।


ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਸੀਵਰੇਜ ਦੀ ਨਵੀਂ ਲਾਈਨ ਪਾਏ ਜਾਣ ਨਾਲ ਸ਼ਹਿਰ ਵਿੱਚੋਂ ਪਾਣੀ ਕੱਢਣ ਲਈ ਪੰਪਾਂ ਲਈ ਵਰਤਿਆ ਜਾਣ ਵਾਲਾ ਡੀਜ਼ਲ ਤੇ ਰੁਪਇਆ ਬਚੇਗਾ ਤੇ ਸ਼ਹਿਰ ਦਾ ਸੀਵਰੇਜ ਵੀ ਚੋਕ ਨਹੀਂ ਹੋਵੇਗਾ।