ਬਲਾਤਕਾਰ ਪੀੜਤਾ ਦਾ ਹਾਲ ਜਾਣਨ ਗਏ ਮੰਤਰੀਆਂ ਨੂੰ ਪੀੜਤ ਪਰਿਵਾਰ ਦਿੱਤਾ ਸਿਆਸੀ ਸਟੰਟ ਕਰਾਰ
ਏਬੀਪੀ ਸਾਂਝਾ | 29 Jun 2018 03:37 PM (IST)
ਬਠਿੰਡਾ: ਦੋ ਦਿਨ ਪਹਿਲਾਂ ਬਠਿੰਡਾ ਵਿੱਚ ਅੱਠ ਸਾਲਾ ਬੱਚੀ ਨਾਲ ਹੋਏ ਬਲਾਤਕਾਰ ਦੇ ਦੋਸ਼ੀ ਭਾਵੇਂ ਹਾਲੇ ਤਕ ਪੁਲਿਸ ਦੇ ਹੱਥੇ ਨਹੀਂ ਚੜ੍ਹੇ ਪਰ ਹੁਣ ਇਹ ਮਾਮਲਾ ਸਿਆਸੀ ਰੰਗ ਫੜਦਾ ਜਾ ਰਿਹਾ ਹੈ। ਅੱਜ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਬੱਚੀ ਨੂੰ ਮਿਲਣ ਹਸਪਤਾਲ ਪਹੁੰਚੇ। ਪੀੜਤ ਪਰਿਵਾਰ ਨੇ ਮੰਤਰੀਆਂ ਦੀ ਇਸ ਫੇਰੀ ਨੂੰ ਸਿਆਸੀ ਸਟੰਟ ਕਰਾਰ ਦਿੱਤਾ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵੀ ਆ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਆਪ ਦੇ ਪ੍ਰਧਾਨ ਅਤੇ ਵਕੀਲ ਨਵਦੀਪ ਜੀਦਾ ਨੇ ਕਿਹਾ ਉਹ ਬੱਚੀ ਦਾ ਕੇਸ ਮੁਫ਼ਤ ਲੜਨਗੇ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਉਸ ਕਾਨੂੰਨ ਨੂੰ ਸਹਿਮਤੀ ਦੇ ਦਿੱਤੀ ਗਈ ਹੈ ਜਿਸ ਦੇ ਚੱਲਦਿਆਂ ਬਾਰਾਂ ਸਾਲ ਤੋਂ ਘੱਟ ਉਮਰ ਦੀ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਨੂੰ ਸਿੱਧੀ ਮੌਤ ਦੀ ਸਜ਼ਾ ਹੀ ਮਿਲੇਗੀ ਅਤੇ ਅਦਾਲਤ ਨੂੰ ਇਹ ਨਬੇੜਾ ਦੋ ਮਹੀਨਿਆਂ ਦੇ ਵਿੱਚ ਕਰਨਾ ਹੋਵੇਗਾ। ਉੱਧਰ ਪਰਿਵਾਰ ਅਤੇ ਬਰਾਦਰੀ ਦੇ ਲੋਕਾਂ ਨੇ ਕਿਹਾ ਕਿ ਮੰਤਰੀਆਂ ਦੀ ਇਹ ਫੇਰੀ ਰਾਜਨੀਤੀ ਤੋਂ ਵਧ ਕੇ ਕੁਝ ਨਹੀਂ ਸੀ। ਬਰਾਦਰੀ ਦੇ ਲੋਕਾਂ ਨੇ ਕਿਹਾ ਕਿ 48 ਘੰਟੇ ਬੀਤ ਜਾਣ ਦੇ ਬਾਵਜੂਦ ਹਾਲੇ ਤਕ ਪੁਲਿਸ ਮੁਲਜ਼ਮ ਨੂੰ ਲੱਭ ਨਹੀਂ ਸਕੀ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਤੋਂ ਪਹਿਲਾਂ ਦੋਸ਼ੀ ਖੁਦ ਉਨ੍ਹਾਂ ਦੇ ਹੱਥੇ ਚੜ੍ਹ ਗਿਆ ਤਾਂ ਉਹ ਉਸ ਨੂੰ ਕੁਝ ਵੀ ਸਜ਼ਾ ਦੇ ਸਕਦੇ ਹਨ। ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੈ ਕਿ ਜੇਕਰ ਕੱਲ੍ਹ ਤਕ ਦੋਸ਼ੀ ਨੂੰ ਲੱਭ ਕੇ ਗ੍ਰਿਫਤਾਰ ਨਾ ਕੀਤਾ ਗਿਆ ਉਹ ਪਰਿਵਾਰ ਦੇ ਨਾਲ ਡੀਸੀ ਦਫ਼ਤਰ ਦੇ ਬਾਹਰ ਧਰਨਾ ਲਾਉਣਗੇ। ਦੱਸ ਦੇਈਏ ਕਿ 27 ਜੂਨ ਨੂੰ ਸ਼ਾਮ ਮਿਲੇ ਬਠਿੰਡਾ ਇਕ ਅੱਠ ਸਾਲਾ ਬੱਚੀ ਨਾਲ ਬਲਾਤਕਾਰ ਕੀਤਾ ਗਿਆ ਸੀ । ਪਰਿਵਾਰ ਨੂੰ ਉਦੋਂ ਪਤਾ ਲੱਗਿਆ ਜਦੋਂ ਪੀੜਤ ਲੜਕੀ ਰੋਂਦੀ-ਰੋਂਦੀ ਬੁਰੀ ਹਾਲਤ ਵਿੱਚ ਆਪਣੇ ਘਰ ਪਹੁੰਚੀ। ਪਰਿਵਾਰ ਅਤੇ ਬਰਾਦਰੀ ਨੇ ਇਕੱਠੇ ਹੋ ਕੇ ਬਠਿੰਡਾ ਦੇ ਭਾਈ ਘਨ੍ਹੱਈਆ ਚੌਕ ਵਿੱਚ ਜਾਮ ਲਗਾ ਦਿੱਤਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਿਸੇ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਪਰ ਦੋ ਦਿਨ ਬੀਤ ਜਾਣ ਦੇ ਬਾਅਦ ਵੀ ਪੁਲੀਸ ਹਾਲੇ ਤਕ ਦੋਸ਼ੀ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਪਾਈ।