ਚੰਡੀਗੜ੍ਹ: ਗੈਂਗਸਟਰ ਤੇ ਨਸ਼ਿਆਂ ਦੀ ਦਲਦਲ ਚੋਂ ਪਰਤੇ ਮਿੰਟੂ ਗੁਰੂਸਰੀਆ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਤੀ ਚਿੱਠੀ ਰਾਹੀਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਗੁਟਕਾ ਸਾਹਿਬ ਹੱਥ 'ਚ ਫੜ੍ਹ ਕੇ ਖਾਧੀ ਸਹੁੰ ਚੇਤੇ ਕਰਾਉਂਦਿਆਂ ਉਸਨੂੰ ਅਮਲੀ ਜਾਮਾ ਪਹਿਨਾਉਣ ਦੀ ਅਰਜ਼ੋਈ ਕੀਤੀ।

ਮਿੰਟੂ ਨੇ ਕਿਹਾ ਕਿ ਪੰਜਾਬ 'ਚ ਨਿੱਤ ਦਿਨ ਨਸ਼ੇ ਕਾਰਨ ਵਿੱਛ ਰਹੇ ਨੌਜਵਾਨਾਂ ਦੀ ਮੌਤ ਦੇ ਸੱਥਰ ਉਸਨੂੰ ਪਰੇਸ਼ਾਨ ਕਰਦੇ ਹਨ। ਉਸ ਨੇ ਕਿਹਾ ਕਿ ਉਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਰਜ਼ੋਈ ਕੀਤੀ ਹੈ ਕਿ ਜੇਕਰ ਪੰਜਾਬ ਸਰਕਾਰ ਨਸ਼ਾ ਤਸਕਰਾਂ ਦੀ ਕੜੀ ਨੂੰ ਤੋੜਨ 'ਚ ਅਸਮਰੱਥ ਹੈ ਤਾਂ ਫਿਰ ਇਸਦਾ ਬਦਲ ਲੱਭਣਾ ਪਏਗਾ ਕਿ ਨਸ਼ਿਆਂ ਦੇ ਕੋਹੜ ਨੂੰ ਕਿਵੇਂ ਖ਼ਤਮ ਕੀਤਾ ਜਾ ਸਕੇ।

ਮਿੰਟੂ ਨੇ ਕਿਹਾ ਕਿ ਇਨ੍ਹਾਂ ਮਾਰੂ ਨਸ਼ਿਆਂ ਦੀ ਥਾਂ ਕੋਈ ਬਦਲ ਹੋਣਾ ਚਾਹੀਦਾ ਹੈ ਤਾਂ ਜੋ ਨਸ਼ੇ ਦੀ ਨਿਰਧਾਰਤ ਮਾਤਰਾ ਰਜਿਸਟਰਡ ਕੇਂਦਰ ਤੋਂ ਪ੍ਰਾਪਤ ਕੀਤੀ ਜਾ ਸਕੇ। ਉਸ ਨੇ ਕਿਹਾ ਕਿ ਇਸ ਤਰ੍ਹਾਂ ਮਾਰੂ ਨਸ਼ੇ ਦੇ ਆਦੀ ਹੋ ਚੁੱਕੇ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ। ਉਸ ਨੇ ਕਿਹਾ ਕਿ ਪੰਜਾਬ ਚ ਵਧ ਰਹੇ ਅਪਰਾਧਾਂ ਪਿੱਛੇ ਵੀ ਵੱਡਾ ਕਾਰਨ ਨਸ਼ੇ ਹੀ ਹਨ।

ਦੱਸ ਦਈਏ ਕਿ ਲੰਬੀ ਹਲਕੇ ਦੇ ਪਿੰਡ ਗੁਰੂਸਰ ਜੋਧਾਂ ਦਾ ਰਹਿਣ ਵਾਲਾ ਮਿੰਟੂ ਗੁਰੂਸਰੀਆ ਅੱਜਕਲ੍ਹ ਸਮਾਜ ਸੁਧਾਰਕ ਵਜੋਂ ਕੰਮ ਕਰ ਰਿਹਾ ਹੈ ਤੇ ਉਹ ਨਸ਼ਿਆਂ ਤੋਂ ਦੂਰ ਰਹਿਣ ਲਈ ਲਗਾਤਾਰ ਸੈਮੀਨਾਰ ਲਾਕੇ ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਦੇ ਉਪਰਾਲੇ ਕਰ ਰਿਹਾ ਹੈ। ਮਿੰਟੂ ਆਪਣੀ ਜ਼ਿੰਦਗੀ 'ਤੇ ਆਧਾਰਿਤ 'ਡਾਕੂਆਂ ਦਾ ਮੁੰਡਾ' ਕਿਤਾਬ ਵੀ ਲਿਖ ਚੁੱਕਾ ਹੈ ਜਿਸ ਵਿਚ ਉਸ ਨੇ ਆਪਣੇ ਵਿਦਿਆਰਥੀ ਜੀਵਨ ਤੋਂ ਗੈਂਗਸਟਰ ਬਣਨ ਤੇ ਨਸ਼ਿਆਂ ਦੀ ਦਲਦਲ ਵਿੱਚ ਧੱਸਣ ਤੇ ਉਸਤੋਂ ਬਾਅਦ ਨਵੀਂ ਸ਼ੁਰੂਆਤ ਤਕ ਦੇ ਸਾਰੇ ਸਫਰ ਦਾ ਜ਼ਿਕਰ ਕੀਤਾ ਹੋਇਆ ਹੈ।

ਮਿੰਟੂ ਵੱਲੋਂ ਕੈਪਟਨ ਨੂੰ ਕੀਤੀ ਅਪੀਲ ਪੜ੍ਹਨ ਲਈ ਹੇਠਾਂ ਕਲਿੱਕ ਕਰੋ

https://www.facebook.com/mintu.gurusaria.9/posts/912902272215961