ਚੰਡੀਗੜ੍ਹ 'ਚ ਸੀਨੀਅਰ ਪੱਤਰਕਾਰ ਨਾਲ ਪੁਲਿਸ ਦੀ ਬਦਸਲੂਕੀ, 'ਆਪ' ਨੇ ਸਖਤ ਸ਼ਬਦਾਂ 'ਚ ਕੀਤੀ ਨਿਖੇਧੀ
ਏਬੀਪੀ ਸਾਂਝਾ | 19 Apr 2020 06:39 PM (IST)
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਨਾਲ ਸ਼ਨੀਵਾਰ ਦੀ ਸ਼ਾਮ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਗਈ ਬਦਸਲੂਕੀ ਦਾ ਸਖ਼ਤ ਨੋਟਿਸ ਲੈਂਦੇ ਹੋਏ ਇਸ ਘਟਨਾ ਦੀ ਨਿਖੇਧੀ ਕੀਤੀ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਨਾਲ ਸ਼ਨੀਵਾਰ ਦੀ ਸ਼ਾਮ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਗਈ ਬਦਸਲੂਕੀ ਦਾ ਸਖ਼ਤ ਨੋਟਿਸ ਲੈਂਦੇ ਹੋਏ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ‘ਆਪ’ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਪੁਲਿਸ ਵੱਲੋਂ ਡਿੳਟੀ ਤੋਂ ਘਰ ਪਰਤ ਰਹੇ ਪੱਤਰਕਾਰ ਨਾਲ ਕੀਤੇ ਦੁਰਵਿਵਹਾਰ ਨੂੰ ਗੈਰ-ਜਿੰਮੇਵਾਰਨਾ ਅਤੇ ਮੰਦਭਾਗਾ ਕਿਹਾ। ਭਗਵੰਤ ਮਾਨ ਨੇ ਕਿਹਾ ਕਿ ਸੰਕਟ ਦੇ ਇਸ ਸਮੇਂ ‘ਚ ਚੰਡੀਗੜ੍ਹ ਦੀ ਪੁਲਿਸ ਕੋਲੋਂ ਇੱਕ ਸੀਨੀਅਰ ਪੱਤਰਕਾਰ ਨਾਲ ਅਜਿਹੀ ਬਦਸਲੂਕੀ ਦੀ ਉਮੀਦ ਨਹੀਂ ਸੀ। ਉਨ੍ਹਾਂ ਕਿਹਾ ਕਿ ਕੋਰੋਨਾ ਵਿਰੁੱਧ ਜਿਸ ਤਰਾਂ ਗਰਾਊਂਡ ਜ਼ੀਰੋ ‘ਤੇ ਪੁਲਿਸ ਪ੍ਰਸ਼ਾਸਨ, ਡਾਕਟਰ ਅਤੇ ਹੋਰ ‘ਯੋਧੇ’ ਲੜ ਰਹੇ ਹਨ ਉਸੇ ਤਰਾਂ ਪੱਤਰਕਾਰ ਵੀ ਆਪਣੀ ਜਾਨ ਜੋਖ਼ਮ ‘ਚ ਪਾ ਕੇ ਡਿਊਟੀਆਂ ਕਰ ਰਹੇ ਹਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ-ਮੁਸੀਬਤਾਂ ਨੂੰ ਸਰਕਾਰ ਤੱਕ ਅਤੇ ਸਰਕਾਰ ਦੇ ਦਿਸ਼ਾ-ਨਿਰਦੇਸ਼, ਨੀਤੀਆਂ ਅਤੇ ਪ੍ਰੋਗਰਾਮ ਲੋਕਾਂ ਤੱਕ ਪਹੁੰਚਾਉਣ ਲਈ ਮੀਡੀਆ ਵੱਡੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਅਜਿਹੇ ਹਾਲਤ ‘ਚ ਜੇਕਰ ਪੁਲਿਸ-ਪ੍ਰਸ਼ਾਸਨ ਪੱਤਰਕਾਰਾਂ ਨਾਲ ਬਦਸਲੂਕੀ ਕਰਦਾ ਹੈ, ਤਾਂ ਬਹੁਤ ਹੀ ਮੰਦਭਾਗਾ ਹੈ।