ਅੰਮ੍ਰਿਤਸਰ: 26 ਜਨਵਰੀ ਨੂੰ ਮਨਾਏ ਜਾ ਰਹੇ ਦੇਸ਼ ਦੇ ਗਣਤੰਤਰ ਦਿਵਸ ਤੋਂ ਪਹਿਲਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਚੱਲਦਿਆਂ ਕੱਲ੍ਹ ਦੇਰ ਰਾਤ ਦੇਸ਼ ਦੀਆਂ ਵੱਖ-ਵੱਖ ਸੁਰੱਖਿਆ ਏਜੰਸੀਆਂ ਵੱਲੋਂ ਮੋਕ ਡਰਿੱਲ ਕੀਤੀ ਗਈ। ਇਸ ਦੌਰਾਨ ਇਹ ਅਭਿਆਸ ਕੀਤਾ ਗਿਆ ਕਿ ਹਵਾਈ ਅੱਡੇ 'ਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਵਾਰਦਾਤ ਨਾਲ ਕਿੱਦਾਂ ਨਜਿੱਠਿਆ ਜਾਵੇ।
ਕੱਲ੍ਹ ਸਵੇਰ ਤੋਂ ਹੀ ਹਵਾਈ ਅੱਡੇ 'ਤੇ ਆਉਣ ਵਾਲੇ ਯਾਤਰੂਆਂ ਦੇ ਰਿਸ਼ਤੇਦਾਰਾਂ ਦੀ ਵਿਜ਼ਟਰ ਐਂਟਰੀ 'ਤੇ ਬੈਨ ਲਾ ਦਿੱਤਾ ਗਿਆ ਸੀ। ਕੱਲ੍ਹ ਦੇਰ ਸ਼ਾਮ ਖ਼ਬਰ ਆਈ ਕਿ ਹਵਾਈ ਅੱਡੇ 'ਤੇ ਤਿੰਨ ਅੱਤਵਾਦੀਆਂ ਵੱਲੋਂ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਿੱਦਾਂ ਹੀ ਮੀਡੀਆ ਉੱਥੇ ਪਹੁੰਚਿਆ ਤਾਂ ਪਤਾ ਲੱਗਿਆ ਕਿ ਹਵਾਈ ਅੱਡਿਆਂ ਦੀ ਸੁਰੱਖਿਆ ਲਈ ਤਾਇਨਾਤ ਸੀ.ਆਈ.ਐਸ.ਐਫ, ਹਵਾਈ ਸੈਨਾ, ਪੰਜਾਬ ਤੇ ਦੇਸ਼ ਦੀਆਂ ਵੱਖ-ਵੱਖ ਸੁਰੱਖਿਆ ਏਜੰਸੀਆਂ ਵੱਲੋਂ ਮੋਕ ਡਰਿੱਲ ਕੀਤੀ ਜਾ ਰਹੀ ਹੈ।
ਸੀ.ਆਈ.ਐਸ.ਐਫ ਦੇ ਕਮਾਂਡੈਂਟ ਧਰਮਵੀਰ ਯਾਦਵ ਨੇ ਦੱਸਿਆ ਕਿ 26 ਜਨਵਰੀ ਨੂੰ ਮੁੱਖ ਰੱਖਦਿਆਂ ਇਹ ਅਭਿਆਸ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਮੇਂ-ਸਮੇਂ 'ਤੇ ਦੇਸ਼ ਦੀਆਂ ਖੂਫੀਆ ਏਜੰਸੀਆਂ ਵੱਲੋਂ ਉਨ੍ਹਾਂ ਨੂੰ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਹਨ ਜਿਸ ਤੋਂ ਬਾਅਦ ਹਵਾਈ ਅੱਡੇ 'ਤੇ ਅਲਰਟ ਜਾਰੀ ਕਾਰਨ ਦੇ ਨਾਲ ਨਾਲ ਅਜਿਹੇ ਅਭਿਆਸ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਵਾਈ ਅੱਡੇ ਦੀ ਸੁਰੱਖਿਆ ਵਿੱਚ ਵੀ ਵਾਧਾ ਕੀਤਾ ਗਿਆ ਹੈ।