ਮੋਗਾ: ਮੋਗਾ ਜ਼ਿਲ੍ਹੇ ਦੇ ਚੈਂਬਰ ਰੋਡ ’ਤੇ ਹਾਲ ਹੀ 'ਚ ਕੁਰੀਅਰ ਦੀ ਦੁਕਾਨ ’ਚ ਹੋਏ ਪਾਰਸਲ ਬੰਬ ਧਮਾਕੇ ਦਾ ਮੁਲਜ਼ਮ ਪੁਲਿਸ ਦੇ ਅੜਿੱਕੇ ਆ ਗਿਆ ਹੈ। ਮੁਲਜ਼ਮ ਨੂੰ ਉੜੀਸਾ ਪੁਲਿਸ ਦੀ ਮਦਦ ਨਾਲ ਕਾਬੂ ਕੀਤਾ ਗਿਆ ਹੈ। ਡੀਐਸਪੀ ਦੀ ਅਗਵਾਈ 'ਚ ਚਾਰ ਮੈਂਬਰੀ ਪੁਲਿਸ ਟੀਮ ਮੁਲਜ਼ਮ ਨੂੰ ਜਹਾਜ਼ ਰਾਹੀਂ ਮੋਗਾ ਲੈ ਕੇ ਆ ਰਹੀ ਹੈ।


ਜ਼ਿਕਰਯੋਗ ਹੈ ਕਿ ਮੁਲਜ਼ਮ ਦਾ ਮੋਬਾਇਲ ਉਸਨੂੰ ਪੁਲਿਸ ਤੱਕ ਪਹੁੰਚਾਉਣ 'ਚ ਸਹਾਈ ਸਾਬਿਤ ਹੋਇਆ। ਕਿਉਂਕਿ ਉੜੀਸਾ 'ਚ ਪੁਲਿਸ ਨੇ ਮੋਬਾਈਲ ’ਤੇ ਮੁਲਜ਼ਮ ਰਾਜ ਰਾਜੋਆਣਾ ਦੀ ਲੋਕੇਸ਼ਨ ਦਾ ਪਤਾ ਲਾਇਆ ਅਤੇ ਉਸ ਨੂੰ ਕਾਬੂ ਕਰ ਲਿਆ।


ਘਟਨਾ ਵਾਲੇ ਦਿਨ ਸੀ.ਸੀ.ਟੀ.ਵੀ. ਚ ਮੁਲਜ਼ਮ ਦੀ ਫੁਟੇਜ਼ ਕੈਦ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਅਤੇ ਦਿੱਲ੍ਹੀ ਦੀਆਂ ਖੁਫੀਆ ਏਜੰਸੀਆਂ ਉਸ ਤੋਂ ਪੁੱਛਗਿੱਛ ਕਰ ਸਕਦੀਆਂ ਹਨ।



ਪੁਲੀਸ ਨੂੰ ਮੁਢਲੀ ਤਫ਼ਤੀਸ਼ ’ਚ ਪਤਾ ਲੱਗਾ ਹੈ ਕਿ ਇਸ ਵਾਰਦਾਤ ਪਿੱਛੇ ਪੁਰਖਾਂ ਦੀ ਜਾਇਦਾਦ ਦਾ ਵਿਵਾਦ ਹੈ ਅਤੇ ਮੁਲਜ਼ਮ ਨੇ ਬਦਲੇ ਦੀ ਭਾਵਨਾ ਨਾਲ ਪਾਰਸਲ ਬੰਬ ਨਾਲ ਰਿਸ਼ਤੇਦਾਰ ਨੂੰ ਉਡਾਉਣ ਦੀ ਯੋਜਨਾ ਤਿਆਰ ਕੀਤੀ ਸੀ।ਪੁਲਸ ਮੁਤਾਬਿਕ ਭੂਪੇਸ਼ ਰਾਜੋਆਣਾ ਜਿਸ ਨੂੰ ਪਾਰਸਲ ਜਾਣਾ ਸੀ ਉਸਦਾ ਹੀ ਰਿਸ਼ਤੇਦਾਰ ਹੈ ਮੁਲਜ਼ਮ ਰਾਜ ਰਾਜੋਆਣਾ। ਭੂਪੇਸ਼ ਰਾਜੋਆਣਾ ਦੀ ਸੱਸ ਦੇ ਕਤਲ ਤੋਂ ਬਾਅਦ ਉਹ ਆਪਣੀ ਸੱਸ ਦੀ ਪ੍ਰਾਪਰਟੀ ਦੀ ਦੇਖ ਰੇਖ ਕਰਦਾ ਸੀ ਅਤੇ ਉਸ ਪ੍ਰਾਪਰਟੀ 'ਤੇ ਮੁਲਜ਼ਮ ਦੀ ਨਜ਼ਰ ਸੀ । ਪ੍ਰਾਪਰਟੀ ਹੜੱਪਣ ਦੇ ਨਜ਼ਰੀਏ ਨਾਲ ਮੁਲਜ਼ਮ ਰਾਜ ਰਾਜੋਆਣਾ ਭੂਪੇਸ਼ ਨੂੰ ਬੰਬ ਨਾਲ ਉਡਾਉਣਾ ਚਹੁੰਦਾ ਸੀ ।


ਜ਼ਿਕਰਯੋਗ ਹੈ ਕਿ ਪੁਲਸ ਨੇ ਉੜੀਸਾ ਚ ਜਦ ਮੁਲਜ਼ਮ ਦੇ ਘਰ ਛਾਪਾ ਮਾਰਿਆ ਤਾਂ ਉਹ ਭੇਸ ਬਦਲ ਕੇ ਆਪਣੇ ਸਿਰ 'ਤੇ ਵਿੱਗ ਲਗਾ ਕੇ ਬੈਠਾ ਸੀ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ।