ਮੋਗਾ: ਇੱਥੋਂ ਦੇ ਪਿੰਡ ਨੱਥੂਵਾਲਾ ਜਦੀਦ ਦੇ ਰਹਿਣ ਵਾਲੇ 34 ਸਾਲਾ ਕਿਸਾਨ ਪਰਵਿੰਦਰ ਸਿੰਘ ਦੀ ਜ਼ਿੰਦਗੀ ਪੰਜਾਬ ਸਰਕਾਰ ਦਾ ਦੋ ਕਰੋੜ ਰੁਪਏ ਦੇ ਪਹਿਲੇ ਇਨਾਮ ਵਾਲੇ ਵਿਸਾਖੀ ਬੰਪਰ ਨੇ ਬਦਲ ਦਿੱਤੀ ਹੈ। ਪਰਵਿੰਦਰ ਸਿੰਘ ਇੱਕ ਏਕੜ ਜ਼ਮੀਨ ਦਾ ਮਾਲਕ ਹੈ, ਜਿਸ ਨਾਲ ਹੀ ਉਹ ਆਪਣਾ ਸਾਰਾ ਟੱਬਰ ਪਾਲਦਾ ਸੀ।


ਪਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਲੰਮੇ ਸਮੇਂ ਤੋਂ ਲਾਟਰੀ ਪਾਉਂਦੇ ਆ ਰਹੇ ਸਨ, ਫਿਰ ਉਸ ਨੇ ਵੀ ਪਾਉਣੀ ਸ਼ੁਰੂ ਕੀਤੀ। ਕਈ ਵਾਰ ਤੋਂ ਦੋ-ਦੋ ਟਿਕਟਾਂ ਵੀ ਖਰੀਦੀਆਂ, ਪਰ ਉਨ੍ਹਾਂ ਦੀ ਕਿਸਮਤ ਨਹੀਂ ਸੀ ਖੁੱਲ੍ਹੀ। ਇੱਕ ਦਿਨ ਉਹ ਮੋਗਾ ਤੋਂ ਆਪਣੇ ਪਿੰਡ ਜਾ ਰਹੇ ਸਨ ਕਿ ਲਾਟਰੀ ਦੀ ਸਟਾਲ ਦੇਖੀ। ਉਸ ਨੇ ਬੇਮਨੇ ਮਨ ਨਾਲ ਮੋਟਰਸਾਈਕਲ ਰੋਕਿਆ ਤੇ ਉਸ ਪਲ ਨੇ ਉਸ ਦੀ ਜ਼ਿੰਦਗੀ ਹਮੇਸ਼ਾ ਲਈ ਹੀ ਬਦਲ ਦਿੱਤੀ।

ਕਿਸਾਨ ਨੇ ਦੱਸਿਆ ਕਿ ਉਸ ਦੇ ਆਮਦਨ ਸਰੋਤ ਬੇਹੱਦ ਸੀਮਤ ਸਨ ਅਤੇ ਉਹ ਆਪਣੇ ਦੋ ਛੋਟੇ ਬੱਚਿਆਂ ਬਾਰੇ ਬੇਹੱਦ ਫਿਕਰਮੰਦ ਸੀ। ਪਰਵਿੰਦਰ ਹੁਣ ਇਸ ਰਕਮ ਨਾਲ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਕਰਵਾਏਗਾ। ਅਪਰੈਲ ਮਹੀਨੇ ਦੀ ਲਾਟਰੀ ਦੀ ਰਕਮ ਪਿਛਲੇ ਦਿਨੀਂ ਉਸ ਦੇ ਬੈਂਕ ਖਾਤੇ ਵਿੱਚ ਪਹੁੰਚ ਵੀ ਗਈ ਹੈ।