ਮੋਗਾ: ਪਿੰਡ ਮਾਣੂੰਕੇ ਗਿੱਲ ਵਿੱਚ ਨਸ਼ੇ ਨੇ ਪਿਉ ਹੱਥੋਂ ਨੌਜਵਾਨ ਪੁੱਤ ਦਾ ਕਤਲ ਕਰਵਾ ਦਿੱਤਾ। ਪੁੱਤ ਨਸ਼ਿਆਂ ਲਈ ਰੋਜ਼ ਬਾਪ ਕੋਲੋਂ ਪੈਸੇ ਮੰਗਦਾ ਸੀ ਤੇ ਪੈਸੇ ਨਾ ਮਿਲਣ ਕਰਕੇ ਝਗੜਾ ਕਰਦਾ ਸੀ। ਇਸ ਤੋਂ ਤੰਗ ਆ ਕੇ ਪਿਉ ਨੇ ਪੁੱਤ ਦਾ ਕੁਹਾੜਾ ਮਾਰ ਕੇ ਗਲ਼ ਵੱਢ ਦਿੱਤਾ ਤੇ ਇਸ ਤੋਂ ਬਾਅਦ ਉਸ ਦੀ ਲਾਸ਼ ਫੁਲੇਵਾਲਾ ਦੇ ਖੇਤਾਂ ਵਿੱਚ ਸੁੱਟ ਦਿੱਤੀ। ਘਟਨਾ ਵੀਰਵਾਰ ਸ਼ਾਮ ਦੀ ਹੈ। ਉਸ ਵੇਲੇ ਵੀ ਪੈਸੇ ਨਾ ਦੇਣ ਕਰਕੇ ਪਿਉ-ਪੁੱਤ ਵਿਚਾਲੇ ਝਗੜਾ ਹੋਇਆ ਸੀ।

ਖੇਤਾਂ ਵਿੱਚੋਂ ਲਾਸ਼ ਮਿਲਣ 'ਤੇ ਪਹਿਲਾਂ ਪੁਲਿਸ ਨੇ ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕੀਤਾ ਸੀ। ਸ਼ੁੱਕਰਵਾਰ ਨੂੰ ਇਸ ਕੇਸ ਦੀ ਗੁੱਥੀ ਸੁਲਝਣ ਬਾਅਦ ਮੁਲਜ਼ਮ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਵਾਰਦਾਤ ਵੇਲੇ ਇਸਤੇਮਾਲ ਹੋਇਆ ਕੁਹਾੜਾ ਵੀ ਬਰਾਮਦ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ 19 ਸਾਲਾਂ ਦੀ ਮ੍ਰਿਤਕ ਮਨਪ੍ਰੀਤ ਸਿੰਘ 5-6 ਸਾਲ ਤੋਂ ਨਸ਼ੇ ਕਰ ਰਿਹਾ ਸੀ। ਦੋ ਸਾਲ ਪਹਿਲਾਂ ਉਸ ਦੇ ਪਿਤਾ ਜਗਸੀਰ ਸਿੰਘ ਨੇ ਉਸ ਨੂੰ ਬੇਦਖ਼ਲ ਵੀ ਕੀਤਾ ਸੀ।

ਬੇਦਖ਼ਲ ਕਰਨ ਦੇ ਬਾਵਜੂਦ ਮਨਪ੍ਰੀਤ ਘਰ ਵਿੱਚ ਹੀ ਰਹਿੰਦਾ ਸੀ। ਨਸ਼ੇ ਲਈ ਪੈਸੇ ਨਾ ਦੇਣ ਕਰਕੇ ਉਹ ਰੋਜ਼ ਆਪਣੇ ਪਿਤਾ ਨਾਲ ਝਗੜਾ ਕਰਦਾ ਸੀ। ਇੱਥੋਂ ਤਕ ਕਿ ਉਸ ਨੇ ਘਰ ਦਾ ਸਾਰਾ ਸਾਮਾਨ ਨੀ ਵੇਚ ਦਿੱਤਾ ਸੀ। ਸ਼ੁੱਕਰਵਾਰ ਸ਼ਾਮ ਡੀਐਸਪੀ ਬਾਜਾਖਾਨਾ ਜਸਪਾਲ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਮੁੰਡੇ ਦਾ ਕਤਲ ਉਸ ਦੇ ਪਿਤਾ ਨੇ ਹੀ ਕੀਤਾ ਸੀ। ਪੁਲਿਸ ਨੇ ਪਿਤਾ 'ਤੇ ਸ਼ੱਕ ਹੋਣ ਕਰਕੇ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਆਪਣਾ ਜ਼ੁਰਮ ਕਬੂਲ ਲਿਆ। ਮੁਲਜ਼ਮ ਪਿਤਾ 'ਤੇ ਕੇਸ ਦਰਜ ਕਰ ਲਿਆ ਗਿਆ ਹੈ।