ਮੋਗਾ: ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਦੀ ਸ਼ਿਕਾਇਤ ’ਤੇ ਅੱਜ ਮੋਗਾ ਪੁਲਿਸ ਵੱਲੋਂ ਆਰਟੀਆਈ ਐਕਟੀਵਿਸਟ ਸੁਰੇਸ਼ ਸੂਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਬਿਲਡਿੰਗ ਇੰਸਪੈਕਟਰ ਲੰਮੇ ਸਮੇਂ ਤੋਂ ਪ੍ਰੇਸ਼ਾਨ ਸੀ ਤੇ ਉਸ ਨੇ ਆਪਣੀ ਸਮੱਸਿਆ ਨਗਰ ਨਿਗਮ ਦੀ ਕਮਿਸ਼ਨਰ ਅਮਰਪ੍ਰੀਤ ਕੌਰ ਨੂੰ ਦੱਸੀ ਕਿ ਆਰਟੀਆਈ ਐਕਟੀਵਿਸਟ ਸੁਰੇਸ਼ ਸੂਦ ਉਸ ਤੋਂ ਪੈਸਿਆਂ ਦੀ ਮੰਗ ਕਰਦਾ ਹੈ।



ਇਸ ਤੋਂ ਬਾਅਦ ਬਿਲਡਿੰਗ ਇੰਸਪੈਕਟਰ ਤਰੁਣ ਪਾਲ ਨੂੰ ਕਮਿਸ਼ਨਰ ਨੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਹੈ। ਸ਼ਿਕਾਇਤ ਦੇਣ ਤੋਂ ਬਾਅਦ ਪੁਲਿਸ ਨੇ ਬਿਲਡਿੰਗ ਇੰਸਪੈਕਟਰ ਦਾ ਫ਼ੋਨ ਟ੍ਰੈਪ 'ਤੇ ਪਾ ਕੇ ਉਸ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਬਿਲਡਿੰਗ ਇੰਸਪੈਕਟਰ ਨਾਲ ਸੁਰੇਸ਼ ਸੂਦ ਦੀ ਆਡੀਓ ਤੇ ਵੀਡੀਓ 'ਤੇ ਹੋਈ ਗੱਲਬਾਤ ਦੇ ਸਬੂਤ ਇਕੱਠੇ ਕੀਤੇ।

ਅੱਜ ਪੁਲਿਸ ਨੇ ਕਾਰਕੁਨ ਸੁਰੇਸ਼ ਸੂਦ ਨੂੰ 20 ਹਜ਼ਾਰ ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਸ ਖ਼ਿਲਾਫ਼ ਥਾਣਾ ਸਿਟੀ ਸਾਊਥ ਵਿੱਚ ਕੇਸ ਦਰਜ ਕਰ ਲਿਆ। ਡੀਐਸਪੀ ਜਸ਼ਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਬਿਲਡਿੰਗ ਇੰਸਪੈਕਟਰ ਨੇ ਇਲਜ਼ਾਮ ਲਾਇਆ ਹੈ ਕਿ ਆਰਟੀਆਈ ਨਗਰ ਨਿਗਮ ਵਿੱਚ ਕਾਗਜ਼ਾਤ ਹਾਸਲ ਕਰਕੇ ਉਨ੍ਹਾਂ ਨੂੰ ਬਲੈਕਮੇਲ ਕਰਦਾ ਸੀ। ਉਸ ਨੇ ਪਹਿਲਾਂ ਵੀ ਢਾਈ-ਤਿੰਨ ਲੱਖ ਰੁਪਏ ਦਿੱਤੇ ਸਨ।

ਦੂਜੇ ਪਾਸੇ ਪੁਲਿਸ ਨੇ ਅੱਜ ਸੁਰੇਸ਼ ਸੂਦ ਨੂੰ ਕੋਰਟ 'ਚ ਪੇਸ਼ ਕੀਤਾ ਤਾਂ ਉਸ ਨੇ ਦੱਸਿਆ ਕਿ ਉਸ ਦੁਆਰਾ ਨਗਰ ਨਿਗਮ ਦੇ ਕੁਝ ਕਰਮਚਾਰੀਆਂ 'ਤੇ ਮਾਮਲਾ ਦਰਜ ਕਰਵਾਇਆ ਸੀ। ਇਸ ਨੂੰ ਲੈ ਕੇ ਲਗਾਤਾਰ ਸੁਰੇਸ਼ ਸੂਦ ਨੂੰ ਪ੍ਰੇਸ਼ਾਨ ਕਰ ਰਹੇ ਸੀ। ਉਹ ਆਪਣਾ ਕੇਸ ਵਾਪਸ ਲੈ ਲਵੇ। ਹਾਲੇ ਉਸ ਦੀ ਗਵਾਹੀ ਹੋਣੀ ਸੀ ਤੇ ਸ਼ਿਕਾਇਤਕਰਤਾ ਤਰੁਣ ਪਾਲ ਉਸੇ ਕੇਸ 'ਚ ਸੀ। ਮੈਨੂੰ ਜਾਣਬੁੱਝ ਕੇ ਇਸ ਮਾਮਲੇ 'ਚ ਫਸਾਇਆ ਜਾ ਰਿਹਾ ਹੈ ਕਿ ਮੇਰੇ ਕੇਸ ਦੀ ਗਵਾਹੀ ਨਾ ਹੋ ਸਕੇ।