ਹਿਸਾਰ: ਹਾਲ ਹੀ 'ਚ ਗੋਲੀ ਮਾਰ ਕੇ ਕਤਲ ਕੀਤੇ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਗਾਏ ਐਸਵਾਈਐਲ ਗੀਤ 'ਤੇ ਚੱਲ ਰਹੇ ਵਿਵਾਦ ਦਰਮਿਆਨ ਹਿਸਾਰ ਦੇ ਇੱਕ ਯੂਟਿਊਬਰ ਨੇ ਦੋਸ਼ ਲਾਇਆ ਹੈ ਕਿ ਸਿੱਧੂ ਮੂਸੇਵਾਲਾ ਦੇ ਗੀਤ ਦਾ ਵਿਰੋਧ ਕਰਨ ਲਈ ਗੀਤ ਲੈ ਕੇ ਆਏ ਹਰਿਆਣਾ ਦੇ ਇੱਕ ਗਾਇਕ ਨੇ ਉਸ ਦੀ ਵੀਡੀਓ ਦੀ ਇੱਕ ਕਲਿੱਪ ਦੀ ਵਰਤੋਂ ਗਲਤ ਤਰੀਕੇ ਨਾਲ ਕੀਤੀ ਹੈ।
ਯੂਟਿਊਬਰ ਰਾਜੇਸ਼ ਕੁੰਡੂ ਨੇ ਐਸਵਾਈਐਲ 'ਤੇ ਗੀਤ ਰਿਲੀਜ਼ ਕਰਨ ਵਾਲੇ ਜੀਂਦ ਦੇ ਗਾਇਕ ਰਾਮਕੇਸ਼ ਜੀਵਨਪੁਰਵਾਲਾ ਨੂੰ ਕਾਨੂੰਨੀ ਨੋਟਿਸ ਦਿੰਦੇ ਹੋਏ ਦੋਸ਼ ਲਗਾਇਆ ਹੈ ਕਿ ਜੀਵਨਪੁਰਵਾਲਾ ਨੇ ਹਰਿਆਣਾ ਦੇ ਇਕ ਕਿਸਾਨ ਦੀ ਕਲਿੱਪ ਦਿਖਾਈ ਹੈ ਜੋ ਉਸ ਦੇ ਚੈਨਲ 'ਦ ਇੰਕ' ਤੋਂ ਲਈ ਗਈ ਸੀ।
ਕੁੰਡੂ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਨਾਲ ਇੰਟਰਵਿਊ ਦੌਰਾਨ ਕਿਸਾਨ ਹਰਿਆਣਾ ਤੇ ਪੰਜਾਬ ਦੀ ਏਕਤਾ ਦੀ ਪੁਸ਼ਟੀ ਕਰ ਰਿਹਾ ਸੀ ਪਰ ਉਸ ਦੀ ਕਲਿੱਪ ਜੀਵਨਪੁਰਵਾਲਾ ਦੇ ਗਾਣੇ ਵਿੱਚ ਦਿਖਾਈ ਗਈ ਸੀ ਜਿਸ ਵਿੱਚ SYL ਨੂੰ ਲੈ ਕੇ ਹਰਿਆਣਾ ਤੇ ਪੰਜਾਬ ਵਿੱਚ ਵੰਡ ਦੀ ਗੱਲ ਕੀਤੀ ਗਈ ਸੀ। ਕੁੰਡੂ ਨੇ ਦੋਸ਼ ਲਾਇਆ ਕਿ ਇਹ ਕਿਸਾਨਾਂ ਦੀਆਂ ਭਾਵਨਾਵਾਂ ਦਾ ਪੂਰੀ ਤਰ੍ਹਾਂ ਨਾਲ ਗਲਤ ਚਿਤਰਣ ਹੈ।
SIdhu Moose Wala SYL: ਸਿੱਧੂ ਮੂਸੇਵਾਲਾ ਦਾ ਐਸਵਾਈਐਲ ਗੀਤ ਲੀਕ ਕਰਨ ਵਾਲੇ ਖਿਲਾਫ ਕੇਸ ਦਰਜ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਐਸਵਾਈਐਲ ਗੀਤ ਨੂੰ ਲੀਕ ਕੀਤੇ ਜਾਣ 'ਤੇ ਮਾਨਸਾ ਥਾਣਾ ਸਦਰ ਪੁਲਿਸ ਨੇ ਨਾਮਾਲੂਮ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਉਸ ਦੇ ਪੁੱਤਰ ਦਾ ਐਸਵਾਈਐਲ ਗੀਤ ਉਨ੍ਹਾਂ 23 ਤਾਰੀਖ ਨੂੰ ਸ਼ਾਮ 6 ਵਜੇ ਰਿਲੀਜ਼ ਕਰਨਾ ਸੀ ਪਰ ਕਿਸੇ ਨੇ 20 ਤਾਰੀਖ ਨੂੰ ਹੀ ਰਿਲੀਜ਼ ਕਰ ਦਿੱਤਾ। ਇਸ ਤੇ ਸਦਰ ਮਾਨਸਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
ਕਾਬਲੇਗ਼ੌਰ ਹੈ ਕਿ 4-5 ਦਿਨ ਪਹਿਲਾਂ ਹੀ ਇਸ ਗੀਤ ਨੂੰ ਮੂਸੇਵਾਲਾ ਦੇ ਅਧਿਕਾਰਤ ਯੂਟਿਊਬ `ਤੇ ਰਿਲੀਜ਼ ਕੀਤਾ ਗਿਆ ਸੀ। ਜਿਸ ਤੋਂ 2 ਦਿਨਾਂ ਬਾਅਦ ਹੀ ਇਸ ਗੀਤ ਨੂੰ ਹਟਵਾ ਦਿਤਾ ਸੀ। ਇਸ ਗੀਤ ਵਿੱਚ ਪੰਜਾਬ ਤੇ ਹਰਿਆਣਾ ਵਿਚਕਾਰ ਐਸਵਾਈਐਲ (ਸਤਲੁਜ-ਯੁਮਨਾ ਲਿੰਕ) ਨਹਿਰ ਦੇ ਪਾਣੀ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੇ ਮੁੱਦੇ ਉਭਾਰੇ ਗਏ ਸਨ ਜਿਸ ਨੂੰ ਲੈ ਕੇ ਲਗਾਤਾਰ ਵਿਵਾਦ ਹੋ ਰਿਹਾ ਸੀ।
ਯੂ-ਟਿਊਬ ’ਤੇ ਗਾਣੇ ਦੇ ਲਿੰਕ ’ਤੇ ਕਲਿਕ ਕਰਨ ’ਤੇ ਪਤਾ ਲੱਗਦਾ ਹੈ ਕਿ ਕੇਂਦਰ ਦੀ ਸ਼ਿਕਾਇਤ ਮਗਰੋਂ ‘ਐਸਵਾਈਐਲ’ ਗਾਣੇ ਨੂੰ ਭਾਰਤ ’ਚ ਨਹੀਂ ਦੇਖਿਆ ਜਾ ਸਕਦਾ ਹੈ। ਇਸ ਗੀਤ ਨੂੰ ਹੁਣ ਤੱਕ 2.8 ਕਰੋੜ ਵਾਰ ਦੇਖਿਆ ਜਾ ਚੁੱਕਿਆ ਹੈ ਤੇ ਵਪਾਰਕ ਪੱਖੋਂ ਇਹ ਗੀਤ ਪਹਿਲੇ ਨੰਬਰ ’ਤੇ ਆ ਗਿਆ ਸੀ, ਜਿਸ ਦੇ 3.4 ਕਰੋੜ ਕੁਮੈਂਟ ਵੀ ਆ ਚੁੱਕੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਦੇ 26 ਦਿਨਾਂ ਬਾਅਦ ਇਹ ਗੀਤ ਇੱਕ ਸ਼ਰਧਾਂਜਲੀ ਵਜੋਂ ਰਿਲੀਜ਼ ਕੀਤਾ ਗਿਆ ਸੀ।