ਮੋਗਾ: ਪੰਜਾਬੀ ਨੌਜਵਾਨ ਵਿਦੇਸ਼ ਜਾਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਅਜਿਹਾ ਹੀ ਮਾਮਲਾ ਮੋਗਾ ਜ਼ਿਲ੍ਹੇ ਦੇ ਪਿੰਡ ਕੋਠੇ ਸਮਾਲਸਰ ਵਿੱਚ ਸਾਹਮਣੇ ਆਇਆ। ਇੱਥੇ ਇਕ ਨੌਜਵਾਨ ਨੇ ਆਈਲੈਟਸ ’ਚ ਲੋੜੀਂਦੇ ਬੈਂਡ ਨਾ ਆਉਣ ਕਰਕੇ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਨਹਿਰ ’ਚੋਂ ਬਰਾਮਦ ਹੋਈ ਹੈ।

ਦਰਅਸਲ ਮ੍ਰਿਤਕ ਧਰਮਪਾਲ ਸਿੰਘ (20) ਵਿਦੇਸ਼ ਜਾਣ ਦਾ ਚਾਹਵਾਨ ਸੀ। ਉਸ ਨੇ ਕਾਫੀ ਤਿਆਰੀ ਕਰਕੇ ਆਈਲੈਟਸ ਦਾ ਟੈਸਟ ਦਿੱਤਾ। ਟੈਸਟ ਵਿੱਚੋਂ ਲੋੜੀਂਦੇ ਬੈਂਡ ਨਾ ਆਉਣ ਕਰਕੇ ਉਹ ਪ੍ਰੇਸ਼ਾਨ ਸੀ। ਇਸ ਲਈ ਉਸ ਨੇ ਖੁਦਕੁਸ਼ੀ ਕਰ ਲਈ। ਧਰਮਪਾਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਧਰਮਪਾਲ ਦੇ ਪਿਤਾ ਜੋਗਿੰਦਰ ਸਿੰਘ ਦੇ ਬਿਆਨ ਅਨੁਸਾਰ ਉਸ ਦਾ ਪੁੱਤਰ ਵਿਦੇਸ਼ ਜਾਣ ਦਾ ਚਾਹਵਾਨ ਸੀ। ਉਹ ਆਈਲੈਟਸ ’ਚ ਘੱਟ ਬੈਂਡ ਆਉਣ ਕਰਕੇ ਦਿਮਾਗ਼ੀ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਤੇ 25 ਫਰਵਰੀ ਨੂੰ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ। ਉਸ ਦੀ ਪਰਿਵਾਰ ਵੱਲੋਂ ਤਲਾਸ਼ ਕੀਤੀ ਗਈ ਪਰ ਕੋਈ ਜਾਣਕਾਰੀ ਨਹੀਂ ਮਿਲੀ ਤੇ ਹੁਣ ਉਸ ਦੀ ਲਾਸ਼ ਪੰਜਗਰਾਈਂ ਨਹਿਰ ’ਚੋਂ ਮਿਲੀ ਹੈ।