ਚੰਡੀਗੜ੍ਹ: ਆਖਰ ਮੁਹਾਲੀ ਬਲਾਸਟ ਦਾ ਰਾਜ ਖੁੱਲ੍ਹਣ ਲੱਗਾ ਹੈ। ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਨਿਸ਼ਾਨ ਸਿੰਘ ਨੇ ਪੁਲਿਸ ਕੋਲ ਵੱਡੇ ਖੁਲਾਸੇ ਕੀਤੇ ਹਨ। ਪੁਲਿਸ ਸੂਤਰਾਂ ਦਾ ਦਾਅਵਾ ਹੈ ਕਿ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹੋਏ ਹਮਲੇ ਲਈ ਨਿਸ਼ਾਨ ਸਿੰਘ ਨੇ ਹੀ ਹਮਲਾਵਰਾਂ ਨੂੰ ਰਾਕੇਟ ਪ੍ਰੋਪੈਲਡ ਗ੍ਰੇਨਾਈਟ (ਆਰਪੀਜੀ) ਸਪਲਾਈ ਕੀਤਾ ਸੀ। ਉਂਝ ਅਜੇ ਪੁਲਿਸ ਨੇ ਇਸ ਬਾਰੇ ਅਧਿਕਾਰਤ ਤੌਰ ਉੱਪਰ ਖੁਲਾਸਾ ਨਹੀਂ ਕੀਤਾ।
ਸੂਤਰਾਂ ਮੁਤਾਬਕ ਕਰੀਬ 20 ਦਿਨਾਂ ਤੋਂ ਹਮਲਾਵਰ ਮੁਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ ਦੀ ਰੇਕੀ ਕਰ ਰਹੇ ਸਨ। ਜਾਂਚ ਮੁਤਾਬਕ ਮੁਹਾਲੀ ਹਮਲੇ ਵਿੱਚ ਵਰਤੇ ਗਏ ਆਰਪੀਜੀ (ਰਾਕੇਟ ਪ੍ਰੋਪੇਲਡ ਲਾਂਚਰ) ਨੂੰ ਜਨਵਰੀ ਵਿੱਚ ਦੋ ਹਿੱਸਿਆਂ ਵਿੱਚ ਡ੍ਰੋਨ ਰਾਹੀਂ ਪਾਕਿਸਤਾਨ ਤੋਂ ਅੰਮ੍ਰਿਤਸਰ ਭੇਜਿਆ ਗਿਆ ਸੀ।
ਇਸ ਤੋਂ ਇਲਾਵਾ ਪਾਕਿਸਤਾਨ 'ਚ ਬੈਠੇ ਬੱਬਰ ਖਾਲਸਾ ਇੰਟਰਨੈਸ਼ਨਲ ਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸਬੰਧਤ ਲੋਕ ਨੂੰ ਮੋਹਾਲੀ ਹਮਲੇ ਦੇ ਮਾਸਟਰਮਾਈਂਡ ਮੰਨਿਆ ਜਾ ਰਿਹਾ ਹੈ। ਇਨ੍ਹਾਂ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਸੂਬੇ ਦੇ ਵੱਖ-ਵੱਖ ਥਾਣਿਆਂ 'ਤੇ ਹਮਲੇ ਦੀ ਸਾਜ਼ਿਸ਼ ਰਚੀ ਸੀ। ਇਸ ਵਿੱਚ ਹਰਵਿੰਦਰ ਸਿੰਘ ਰਿੰਦਾ ਦੇ ਗਰੁੱਪ ਨਾਲ ਜੁੜੇ ਅੱਤਵਾਦੀਆਂ ਤੇ ਗੈਂਗਸਟਰਾਂ ਦੀ ਭੂਮਿਕਾ ਵੀ ਸਾਹਮਣੇ ਆਈ ਹੈ।
ਸੂਤਰਾਂ ਮੁਤਾਬਕ ਪੰਜਾਬ ਪੁਲਿਸ ਦੇ ਖ਼ੁਫ਼ੀਆ ਵਿੰਗ ਦੇ ਮੁੱਖ ਦਫ਼ਤਰ ਉੱਤੇ ਪਿਛਲੇ ਦਿਨੀਂ ਹੋਏ ਧਮਾਕੇ ਦੇ ਮਾਮਲੇ ’ਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਨਿਸ਼ਾਨ ਸਿੰਘ ਤੋਂ ਪੁੱਛ ਪੜਤਾਲ ਦੌਰਾਨ ਅਹਿਮ ਖੁਲਾਸੇ ਹੋਏ ਹਨ। ਸੂਤਰਾਂ ਮੁਤਾਬਕ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹੋਏ ਹਮਲੇ ਲਈ ਨਿਸ਼ਾਨ ਸਿੰਘ ਨੇ ਹੀ ਹਮਲਾਵਰਾਂ ਨੂੰ ਰਾਕੇਟ ਪ੍ਰੋਪੈਲਡ ਗ੍ਰੇਨਾਈਟ (ਆਰਪੀਜੀ) ਸਪਲਾਈ ਕੀਤਾ ਸੀ।
ਸੂਤਰਾਂ ਮੁਤਾਬਕ ਹਮਲੇ ਤੋਂ ਕੁਝ ਦਿਨ ਪਹਿਲਾਂ ਹੀ ਉਸ ਨੂੰ ਤਰਨ ਤਾਰਨ ਖੇਤਰ ਵਿੱਚ ਦੋ ਤਿੰਨ ਅਣਪਛਾਤੇ ਵਿਅਕਤੀਆਂ ਨੇ ਇਹ ਧਮਾਕਾਖੇਜ਼ ਸਮੱਗਰੀ ਮੁਹੱਈਆ ਕਰਵਾਈ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਨਿਸ਼ਾਨ ਸਿੰਘ ਨੇ ਹਮਲੇ ਦੀ ਯੋਜਨਾ ਘੜਨ ਲਈ ਹਮਲਾਵਰਾਂ ਦੇ ਠਹਿਰਨ ਪ੍ਰਬੰਧ ਕਰਕੇ ਦਿੱਤਾ ਸੀ।
ਦੱਸ ਦਈਏ ਕਿ ਮੁਲਜ਼ਮ ਨਿਸ਼ਾਨ ਸਿੰਘ ਫ਼ਰੀਦਕੋਟ ਪੁਲਿਸ ਕੋਲ ਇੱਕ ਪੁਰਾਣੇ ਮਾਮਲੇ ਵਿੱਚ ਪੰਜ ਦਿਨ ਦੇ ਪੁਲਿਸ ਰਿਮਾਂਡ ’ਤੇ ਹੈ। ਪੰਜਾਬ ਪੁਲਿਸ ਦੇ ਖ਼ੁਫ਼ੀਆ ਵਿੰਗ ਦੇ ਸੀਨੀਅਰ ਅਧਿਕਾਰੀਆਂ ਸਮੇਤ ਐਨਆਈਏ ਦੀ ਜਾਂਚ ਟੀਮ ਤੇ ਭਾਰਤੀ ਸੈਨਾ ਦੇ ਅਫ਼ਸਰਾਂ ਵੀ ਉਸ ਤੋਂ ਪੁੱਛ ਪੜਤਾਲ ਕਰ ਰਹੇ ਹਨ। ਪੰਜਾਬ ਪੁਲਿਸ ਨੂੰ ਇਸ ਘਟਨਾ ਸਬੰਧੀ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਰਿਮਾਂਡ ਖ਼ਤਮ ਹੋਣ ਬਾਅਦ ਮੁਹਾਲੀ ਪੁਲਿਸ ਵੱਲੋਂ ਪ੍ਰੋਡਕਸ਼ਨ ਵਰੰਟ ’ਤੇ ਨਿਸ਼ਾਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਮੁਹਾਲੀ ਲਿਆਂਦਾ ਜਾਵੇਗਾ ਤੇ ਉਸ ਕੋਲੋਂ ਪੁੱਛ ਪੜਤਾਲ ਕੀਤੀ ਜਾਵੇਗੀ।
ਪੁਲਿਸ ਸੂਤਰਾਂ ਅਨੁਸਾਰ ਮੁੱਖ ਦਫ਼ਤਰ ’ਤੇ ਹਮਲਾ ਚੱਲਦੀ ਕਾਰ ਤੋਂ ਨਹੀਂ ਸਗੋਂ ਹੈੱਡਕੁਆਰਟਰ ਦੇ ਸਾਹਮਣੇ ਖਾਲੀ ਜ਼ਮੀਨ ਤੋਂ ਕੀਤਾ ਗਿਆ। ਇਹ ਜਗ੍ਹਾ ਪਾਰਕਿੰਗ ਲਈ ਵਰਤੀ ਜਾਂਦੀ ਹੈ। ਸੀਸੀਟੀਵੀ ਫੁਟੇਜ ਤੋਂ ਵੀ ਕੁਝ ਅਜਿਹੇ ਸੰਕੇਤ ਮਿਲ ਰਹੇ ਹਨ। ਇੱਥੇ ਇੱਟਾਂ ਦਾ ਸਟੈਂਡ ਬਣਾ ਕੇ 60 ਡਿਗਰੀ ਐਂਗਲ ’ਤੇ ਫਾਇਰ ਕੀਤਾ ਗਿਆ, ਜੋ ਕੰਧ ਦੇ ਕੋਨੇ ਨਾਲ ਟਕਰਾ ਕੇ ਕਮਰੇ ਦੀ ਛੱਤ ਵਿੱਚ ਵੱਜ ਕੇ ਕੁਰਸੀ ’ਤੇ ਜਾ ਡਿੱਗਿਆ ਸੀ।
ਇਸ ਸਬੰਧੀ ਫੋਰੈਂਸਿਕ ਮਾਹਿਰਾਂ ਦੀ ਟੀਮ ਪੜਤਾਲ ਕਰ ਰਹੀ ਹੈ। ਘਟਨਾ ਸਥਾਨ ਤੋਂ ਕੁਝ ਹੀ ਦੂਰੀ ’ਤੇ ਪੁਲਿਸ ਨੂੰ ਕੁਝ ਇੱਟਾਂ ਬਰਾਮਦ ਹੋਈਆਂ ਹਨ, ਜਿਨ੍ਹਾਂ ਬਾਰੇ ਇਹ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਇੱਥੋਂ ਆਰਪੀਜੀ ਹਮਲਾ ਕੀਤਾ ਗਿਆ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਡ੍ਰੋਨ ਦੀ ਵਰਤੋਂ ਕਰਨ ਦੀ ਵੀ ਗੱਲ ਕਹੀ ਜਾ ਰਹੀ ਹੈ।
ਆਖਰ ਮੁਹਾਲੀ ਬਲਾਸਟ ਦਾ ਖੁੱਲ੍ਹਿਆ ਰਾਜ! ਨਿਸ਼ਾਨ ਸਿੰਘ ਨੇ ਪੁਲਿਸ ਕੋਲ ਕੀਤੇ ਵੱਡੇ ਖੁਲਾਸੇ
abp sanjha
Updated at:
13 May 2022 10:50 AM (IST)
Edited By: sanjhadigital
ਚੰਡੀਗੜ੍ਹ: ਆਖਰ ਮੁਹਾਲੀ ਬਲਾਸਟ ਦਾ ਰਾਜ ਖੁੱਲ੍ਹਣ ਲੱਗਾ ਹੈ। ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਨਿਸ਼ਾਨ ਸਿੰਘ ਨੇ ਪੁਲਿਸ ਕੋਲ ਵੱਡੇ ਖੁਲਾਸੇ ਕੀਤੇ ਹਨ।
ਮੋਹਾਲੀ ਬਲਾਸਟ ਮਾਮਲਾ
NEXT
PREV
Published at:
13 May 2022 10:50 AM (IST)
- - - - - - - - - Advertisement - - - - - - - - -