Punjab News: ਮੋਹਾਲੀ ਅਦਾਲਤ ਵਿੱਚ ਧਰਮਸੋਤ ਨੂੰ ਈਡੀ ਨੇ ਤਿੰਨ ਦਿਨ ਦੇ ਰਿਮਾਂਡ ਬਾਅਦ ਅੱਜ ਮੁੜ ਅਦਲਤ ਵਿੱਚ ਕੀਤਾ ਪੇਸ਼ ਗਿਆ ਜਿਸ ਤੋਂ ਬਾਅਦ ਅਦਲਤ ਨੇ ਧਰਮਸੋਤ ਨੂੰ ਮੁੜ ਦੋ ਦਿਨਾਂ ਦੇ ਈਡੀ ਰਿਮਾਂਡ ਉੱਤੇ ਭੇਜ ਦਿੱਤਾ ਹੈ।


ਜ਼ਿਕਰ ਕਰ ਦਈਏ ਕਿ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਅਦਾਲਤ ਵੱਲੋਂ ਈਡੀ ਨੂੰ ਧਰਮਸੋਤ ਦਾ ਪਹਿਲਾਂ ਤਿੰਨ ਦਿਨਾਂ ਦਾ ਰਿਮਾਂਡ ਦਿੱਤਾ ਸੀ ਤੇ ਹੁਣ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਅਦਾਲਤ ਨੇ ਮੁੜ ਦੋ ਦਿਨਾਂ ਦਾ ਰਿਮਾਂਡ ਦੇ ਦਿੱਤਾ ਹੈ। ਹੁਣ ਈਡੀ ਧਰਮਸੋਤ ਤੋਂ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚੋਂ ਦਰੱਖ਼ਤ ਕੱਟਣ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਬਾਰੇ ਪੁੱਛਗਿੱਛ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਅਹਿਮ ਖੁਲਾਸੇ ਹੋ ਸਕਦੇ ਹਨ।


ਦੱਸ ਦਈਏ ਕਿ ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੰਗਲਵਾਰ ਮੁਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਸੀ। ਈਡੀ ਦੀ ਵਿਸ਼ੇਸ਼ ਟੀਮ ਧਰਮਸੋਤ ਨੂੰ ਜਲੰਧਰ ਤੋਂ ਲੈ ਕੇ ਮੁਹਾਲੀ ਅਦਾਲਤ ਆਈ ਤੇ ਮੀਡੀਆ ਨੂੰ ਝਕਾਨੀ ਦੇ ਕੇ ਬੇਸਮੈਂਟ ਰਸਤੇ ਅਦਾਲਤ ’ਚ ਪੇਸ਼ ਕੀਤਾ ਤੇ ਮਹਿਜ਼ 15 ਕੁ ਮਿੰਟਾਂ ਵਿੱਚ ਹੀ ਰਿਮਾਂਡ ਲੈ ਕੇ ਪਰਤ ਗਈ ਸੀ। 


ਵਿਜੀਲੈਂਸ ਬਿਊਰੋ ਵੱਲੋਂ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚੋਂ ਦਰੱਖ਼ਤ ਕੱਟਣ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ’ਚ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੇ ਸਾਲ 30 ਨਵੰਬਰ ਨੂੰ ਈਡੀ ਨੇ ਇਹ ਮਾਮਲਾ ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਸੋਮਵਾਰ ਨੂੰ ਧਰਮਸੋਤ ਦੂਜੀ ਵਾਰ ਈਡੀ ਅੱਗੇ ਪੇਸ਼ ਹੋਏ ਸਨ ਤੇ ਪੁੱਛ-ਪੜਤਾਲ ਦੌਰਾਨ ਮਨੀ ਲਾਂਡਰਿੰਗ ਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਤਸੱਲੀਬਖ਼ਸ਼ ਜਵਾਬ ਨਾ ਦੇ ਸਕਣ ਕਾਰਨ ਈਡੀ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।


ਈਡੀ ਮੁਤਾਬਕ ਪਤਾ ਲੱਗਾ ਹੈ ਕਿ ਸਾਬਕਾ ਮੰਤਰੀ ਧਰਮਸੋਤ ਆਪਣੇ ਚਹੇਤੇ ਠੇਕੇਦਾਰ ਹਰਵਿੰਦਰ ਸਿੰਘ ਹੰਮੀ, ਕਾਂਗਰਸ ਵਜ਼ਾਰਤ ਦੌਰਾਨ ਓਐਸਡੀ ਰਹੇ ਕੰਵਲਪ੍ਰੀਤ ਸਿੰਘ ਰਾਹੀਂ ਰਿਸ਼ਵਤ ਦਾ ਪੈਸਾ ਲੈਂਦਾ ਸੀ।